ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖੋ ਭੀੜ 'ਚ ਗੁਆਚਾ ਹੋਇਆ ਆਮ ਆਦਮੀ।
ਅੱਗੇ ਅੱਗ ਪਿੱਛੇ ਪਾਣੀ-ਟੋਇਆ ਆਮ ਆਦਮੀ।

ਫਿਰ ਧੂੰਏਂ ਦਿਆ ਬੱਦਲਾਂ ਤੋਂ ਮੇਘ ਮੰਗਦਾ,
ਅੱਜ ਕਿੰਨਾ ਹੈ ਵਿਚਾਰਾ ਹੋਇਆ ਆਮ ਆਦਮੀ।

ਸ਼ਹਿਰ ਮਿਲੇ ਨਾ ਦਿਹਾੜੀ ਪਿੰਡੋਂ ਸੁੰਗੜੇ ਸਿਆੜ,
ਤੀਜਾ ਕਰਜ਼ੇ ਦੇ ਹੇਠ ਹੋਇਆ ਆਮ ਆਦਮੀ।

ਕਦੇ ਲਾਲ ਕਦੇ ਖੱਟੇ, ਚਿੱਟੇ ਨੀਲਿਆਂ ਨੇ ਪੱਟੇ,
ਕਿਸ ਹੱਥੋਂ ਨਾ ਖਵਾਰ ਹੋਇਆ ਆਮ ਆਦਮੀ।

ਲੀਰੋ ਲੀਰ ਹੈ ਲਿਬਾਸ, ਡਾਢਾ ਮਨੂਆ ਉਦਾਸ,
ਕਿਹੜਾ ਦੇਵੇ ਧਰਵਾਸ, ਰੋਇਆ ਆਮ ਆਦਮੀ।

ਦਿੱਲੀ ਦਿਲ ਦੀ ਖਵਾਰ, ਕੀਹਦਾ ਕਰੇ ਇਤਬਾਰ,
ਲੋਕ ਰਾਜ ਕੀਤਾ ਅੱਧ ਮੋਇਆ ਆਮ ਆਦਮੀ।

ਵੇਖ ਨਾਅਰੇ ਦਾ ਕਮਾਲ, ਜਿਹੜਾ ਲਾਉਂਦੇ ਨੇ ਦਲਾਲ,
ਕਿੱਦਾਂ ਮਸਤੀ 'ਚ ਲੀਨ ਹੋਇਆ ਆਮ ਆਦਮੀ।

*

ਗੁਲਨਾਰ- 119