ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਵੀ ਮੇਰਾ ਧਰਮੀ ਬਾਬਲ ਸੋਚਾਂ ਵਿਚ ਗਲਤਾਨ ਕਿਉਂ ਹੈ?
ਅਣਜੰਮੀ ਨੂੰ ਮਾਰਨ ਖ਼ਾਤਰ, ਸਮਝੇ ਅਪਣੀ ਸ਼ਾਨ ਕਿਉਂ ਹੈ?

ਧੀ ਜੰਮਣ ਤੇ ਅੱਜ ਵੀ ਪਹਿਰੇ, ਮਾਂ ਦੁਰਗਾ ਦੀ ਧਰਤੀ ਉੱਤੇ,
ਸਰਸਵਤੀ ਤੇ ਲੱਛਮੀ ਦਾ ਘਰ ਇਹਨਾਂ ਲਈ ਸ਼ਮਸ਼ਾਨ ਕਿਉਂ ਹੈ?

ਪੁੱਤਰ ਧੀਆਂ ਇੱਕ ਬਰਾਬਰ ਕੂਕ ਰਹੇ ਹੋ, ਸਮਝੋ ਵੀ ਤਾਂ,
ਸਾਡੀ ਖ਼ਾਤਰ ਪੁੱਤਰਾਂ ਨਾਲੋਂ, ਵੱਖਰਾ ਜਿਮੀਂ 'ਸਮਾਨ ਕਿਉਂ ਹੈ?

ਧੀਆਂ ਨੂੰ ਧਨ ਆਖਣ ਵਾਲਿਓ, ਇਸ ਗੱਲ ਦਾ ਵੀ ਕਰੋ ਨਿਤਾਰਾ,
ਮੇਰਾ ਬਾਪੂ ਨਿੰਮੋਝੂਣਾ, ਪੁੱਤ ਵਾਲਾ ਬਲਵਾਨ ਕਿਉਂ ਹੈ?

ਦੋ ਧੀਆਂ ਤੋਂ ਮਗਰੋਂ ਪੁੱਤਰ, ਲੱਭਦਾ ਫਿਰਦੈ ਸਾਧਾਂ ਡੇਰੇ,
ਵਾਰਿਸ ਮੰਗਦਾ ਕਮਲਾ ਹੋਇਆ, ਏਸ ਨਗਰ ਸੁਲਤਾਨ ਕਿਉਂ ਹੈ?

ਜਿਸ ਧਰਤੀ ਤੇ ਧੀਆਂ ਭੈਣਾਂ, ਘਰ ਤੇ ਬਾਹਰ ਸਲਾਮਤ ਹੀ ਨਾ,
ਫਿਰ ਵੀ ਕੇਵਲ ਲਫ਼ਜ਼ਾਂ ਅੰਦਰ, ਭਾਰਤ ਦੇਸ਼ ਮਹਾਨ ਕਿਉਂ ਹੈ?

ਚੁੱਪ ਬੈਠੇ ਹੋ ਦੁਨੀਆਂ ਵਾਲਿਓ, ਔਰਤ ਦਿਵਸ ਮਨਾਉਂਦੇ ਲੋਕੋ,
ਜੱਗ ਜਣਨੀ ਦੇ ਕਾਤਲ ਅੱਗੇ, ਸਭ ਦੀ ਬੰਦ ਜ਼ੁਬਾਨ ਕਿਉਂ ਹੈ?

*

ਗੁਲਨਾਰ- 118