ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ।
ਕਮਅਕਲੇ ਨੂੰ ਕਿਹੜਾ ਦੱਸੇ, ਕੀ ਕੁਝ ਮੇਰੇ ਅੰਦਰ ਹੈ।

ਵਿਚ ਅਯੁੱਧਿਆ ਮਸਜਿਦ ਢਾਹ ਕੇ, ਅੱਲ੍ਹਾ ਬੇਘਰ ਕਰ ਦਿੱਤਾ,
ਤੀਨ ਲੋਕ ਦੇ ਮਾਲਕ ਖ਼ਾਤਰ, ਜਿਸ ਥਾਂ ਬਣਨਾ ਮੰਦਰ ਹੈ।

ਕਿਹੜੇ ਵੇਲੇ ਚੰਨ ਚੜ੍ਹਦਾ ਤੇ ਟੁੱਟਦੇ ਤਾਰੇ ਕਿੰਜ ਵੇਖਾਂ,
ਸੰਗਮਰਮਰ ਦੀ ਧਰਤੀ ਹੇਠਾਂ ਕੰਕਰੀਟ ਦਾ ਅੰਬਰ ਹੈ।

ਪੜ੍ਹਾਈ ਪੜ੍ਹਾਈ ਕੰਮ ਨਾ ਆਈ, ਹੱਥ ਵਿਚ ਕੱਲ੍ਹਿਆਂ ਠੀਕਰੀਆਂ,
ਗਿਆਨ ਧਿਆਨ ਦੇ ਨਾਂ ਤੇ ਤਣਿਆ, ਕਿੰਨਾ ਅਜਬ ਆਡੰਬਰ ਹੈ।

ਬਾਹੂਬਲ ਹੀ ਪਰਖ਼ ਰਿਹਾ ਸੀ, ਧੀ ਦੇ ਵਰ ਲਈ ਰਾਜਾ ਵੀ,
ਕਰੇ ਮੁਨਾਦੀ ਧਰਮੀ ਬਾਬਲ, ਓਦਾਂ ਕਹੇ ਸਵੰਬਰ ਹੈ।

ਦਿੱਲੀਏ ਤੇਰੇ ਨੱਕ ਦੇ ਥੱਲੇ, ਅਗਨੀ ਤਾਂਡਵ ਹੋਇਆ ਸੀ,
ਅਜੇ ਚੁਰਾਸੀ ਸੇਕ ਮਾਰਦਾ, ਲਾਟੋ ਲਾਟ ਨਵੰਬਰ ਹੈ।

ਰਿੱਛਾਂ ਵਾਂਗ ਨਚਾਵੇ ਸਾਨੂੰ, ਕੁਰਸੀ ਦਾ ਕਿਰਦਾਰ ਸਦਾ,
ਇਸ ਤੇ ਕਾਬਜ਼ ਹਰ ਯੁਗ ਅੰਦਰ ਸ਼ਾਤਰ ਬੜਾ ਕਲੰਦਰ ਹੈ।

*

ਗੁਲਨਾਰ- 117