ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਹੱਥਾਂ ਵਿੱਚ ਚੱਲ ਗਏ ਨੇ ਅੱਗ ਦੇ ਅਨਾਰ।
ਐਵੇਂ ਭੋਲਿਆਂ ਪਰਿਦਿਆਂ ਨੂੰ ਇੰਜ ਤਾਂ ਨਾ ਮਾਰ।

ਵੇਖੋ ਕਿੱਡੀ ਵੱਡੀ ਭੁੱਲ, ਜਿਹੜਾ ਕੀਤਾ ਵਿਸ਼ਵਾਸ,
ਚੁਗੇ ਤਲੀਆਂ ਤੋਂ ਚੋਗ ਹੋ ਗਏ ਮੌਤ ਲਈ ਤਿਆਰ।

ਤੁਸੀਂ ਜਾਗਦੇ, ਜਗਾਉਂਦੇ ਰਹਿਣਾ, ਟਾਹਣੀਆਂ ਦੀ ਚੁੱਪ,
ਗੀਤ ਆਪ ਇਨ੍ਹਾਂ ਵਿਚੋਂ, ਕੱਢ ਲਵੇਗੀ ਬਹਾਰ।

ਮੇਰੇ ਦਿਲ ਨੂੰ ਇਹ ਧੁੜਕੂ, ਜਿਉਣ ਹੀ ਨਾ ਦੇਵੇ,
ਨੰਗੀ ਬਿਜਲੀ ਦੀ ਤਾਰ ਤੇ ਮਾਸੂਮ ਜੇਹੀ ਡਾਰ।

ਤੈਨੂੰ ਮੇਰੇ ਤੋਂ ਬਗੈਰ, ਕਿਸੇ ਸੱਚ ਨਹੀਉਂ ਕਹਿਣਾ,
ਵੇਖ ਤੋਤਲੇ ਮਾਸੂਮ ਬੋਟ, ਕਹਿਰ ਨਾ ਗੁਜ਼ਾਰ।

ਵੇਖ ਧਰਤੀ ਆਕਾਸ਼ ਤੇ ਪਾਤਾਲ ਨੂੰ ਵੀ ਜਾਣ,
ਤੈਨੂੰ ਚੰਗਾ ਚੰਗਾ ਲੱਗੂ ਫੇਰ ਸਾਰਾ ਸੰਸਾਰ।

ਤੈਨੂੰ ਦੱਸਾਂ ਅੱਜ ਤੀਕ ਜਿੰਨੀ ਦੁਨੀਆਂ ਮੈਂ ਜਿੱਤੀ,
ਸੁੱਚੇ ਸ਼ਬਦ ਹਮੇਸ਼ਾਂ ਮੇਰਾ ਬਣੇ ਹਥਿਆਰ।

*

ਗੁਲਨਾਰ- 110