ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਬਦਨੀਤਾਂ ਦੀ ਬਸਤੀ ਅੰਦਰ ਸ਼ੁਭ ਨੀਤਾਂ ਨੇ ਕੀਹ ਕਰਨਾ ਸੀ?
ਮੋਮ-ਦਿਲਾਂ ਨੇ, ਅੱਗ ਦਾ ਦਰਿਆ, ਸਾਬਤ ਰਹਿ ਕੇ ਕਿੰਜ ਤਰਨਾ ਸੀ?

ਚਾਰ ਦੀਵਾਰੀ ਦੇ ਵਿਚ ਘਿਰਿਆ, ਮਿੱਟੀ ਦਾ ਭਗਵਾਨ ਵਿਚਾਰਾ,
ਚੋਰ-ਬਾਜ਼ਾਰ ਦੇ ਰਹਿਮ ਤੇ ਜੀਂਦਾ, ਕਿਸ ਨੇ ਉਸਤੋਂ ਕੀਹ ਡਰਨਾ ਸੀ?

ਪੱਤੀ ਪੱਤੀ ਖਿੱਲਰਨ ਦੀ ਤੂੰ, ਪੀੜ ਸੁਣਾਵੇਂ ਇਹ ਨਹੀਂ ਵਾਜਬ,
ਪੱਥਰ ਚਿੱਤ ਦੇ ਪੈਰਾਂ ਅੱਗੇ, ਤੂੰ ਸੂਹਾ ਫੁੱਲ ਕਿਉਂ ਧਰਨਾ ਸੀ?

ਔਰੰਗਜ਼ੇਬ ਉਦਾਸ ਕਬਰ ਵਿਚ, ਅੱਜ ਕੱਲ੍ਹ ਏਦਾਂ ਸੋਚ ਰਿਹਾ ਹੈ,
ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ?

ਘਰ ਦੇ ਭੇਤੀ ਲੰਕਾ ਢਾਹੁਣ 'ਚ, ਜੇ ਨਾ ਰਲਦੇ ਦੂਜੇ ਪਾਸੇ,
ਲੰਕਾਪਤਿ ਰਾਵਣ ਨੇ ਦੱਸੋ, ਰਾਮ ਦੇ ਹੱਥੋਂ ਕਿੰਜ ਹਰਨਾ ਸੀ।

ਜੇ ਤੇਰੀ ਰੂਹ ਅੰਦਰ ਕਿਧਰੇ, ਰਹਿਮ ਦਿਲੀ ਦਾ ਕਿਣਕਾ ਨਹੀਂ ਸੀ,
ਅਗਨਬਾਣ ਹੱਥਾਂ ਵਿੱਚ ਲੈ ਕੇ, ਠੰਢਾ ਹਾਉਕਾ ਕਿਉਂ ਭਰਨਾ ਸੀ।

ਐਨ ਵਕਤ ਸਿਰ ਤੇਰਾ ਮੋਢਾ, ਜੇਕਰ ਮੇਰੀ ਧਿਰ ਨਾ ਬਣਦਾ,
ਮੇਰੀ ਰੂਹ ਨੇ ਏਡਾ ਸਦਮਾ, 'ਕੱਲ੍ਹੇ ਕਾਰੇ ਕਿੰਜ ਜਰਨਾ ਸੀ।

*

ਗੁਲਨਾਰ- 11