ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਧਰਮ ਕਰਮ ਦੇ ਰਾਖੇ ਵੇਖੋ ਡਰ ਜਾਂਦੇ ਨੇ।
ਤਾਂ ਹੀ ਸੁਪਨੇ ਜੰਮਣੋਂ ਪਹਿਲਾਂ ਮਰ ਜਾਂਦੇ ਨੇ।
ਇਸ ਧਰਤੀ ਤੇ ਬਹੁਤੇ ਡਾਕੇ ਏਸੇ ਕਰਕੇ,
ਰਖਵਾਲੇ ਹੀ ਅੱਖਾਂ ਲਾਂਭੇ ਕਰ ਜਾਂਦੇ ਨੇ।
ਹੇ ਮਨ ਮੇਰੇ, ਸਾਵਧਾਨ ਹੋ, ਏਹੀ ਵੇਲਾ,
ਚੁੱਪ ਦੇ ਕਾਰਨ, ਪਾਪ ਦੇ ਭਾਂਡੇ ਭਰ ਜਾਂਦੇ ਨੇ।
ਉਂਘ ਰਹੇ ਨੇ ਹੱਕ ਸੱਚ ਇਨਸਾਫ਼ ਦੇ ਰਾਖੇ,
ਕੂੜ ਅਮਾਵਸ ਦੇ ਵਿੱਚ ਤਾਰੇ ਮਰ ਜਾਂਦੇ ਨੇ।
ਮੈਂ ਤਾਂ ਚੌਂਕੀਦਾਰ, ਅਵਾਜ਼ਾ ਦੇਣਾ ਹੀ ਹੈ,
ਸੌਂ ਜਾਂਦੇ ਨੇ ਮਾਲਕ, ਜਦ ਵੀ ਘਰ ਜਾਂਦੇ ਨੇ।
ਧਰਤੀ ਪੁੱਤਰ ਬਿਰਖ਼ ਖੜ੍ਹੇ ਨੇ ਧੁੱਪੇ, ਛਾਵੇਂ,
ਮਾਂ ਸਦਕੇ ਇਹ ਕਿੰਨੇ ਸਦਮੇ ਜਰ ਜਾਂਦੇ ਨੇ।
ਤੂੰ ਤੀਲ੍ਹੀ ਨੂੰ ਬਾਲ, ਮਸ਼ਾਲਾਂ ਲੈ ਕੇ ਤੁਰ ਪਉ,
ਗੂੜ੍ਹੇ ਨੇਰ੍ਹੇ ਇਸ ਤੋਂ ਅਕਸਰ ਤਰ ਜਾਂਦੇ ਨੇ।
*
ਗੁਲਨਾਰ- 108