ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਵਤਨ ਦਾ ਹੁਣ ਕੀਹ ਕਰੀਏ।
ਬੀਜੋ ਫ਼ਸਲਾਂ ਉੱਗਣ ਸਰੀਏ।

ਗਾਰੇ ਵਿੱਚ ਕਿਉਂ ਉਲਝ ਗਈ ਏਂ,
ਨੀ ਅੰਬਰ ਦੀ ਕੋਮਲ ਪਰੀਏ।

ਸ਼ੋਰ ਸ਼ਰਾਬਾ ਚਾਰ ਚੁਫੇਰੇ,
ਆ ਜਾ ਅਪਣੀ ਚੁੱਪ ਤੋਂ ਡਰੀਏ।

ਬਣ ਜਾ ਹੋਕਾ, ਬੋਲ ਨੀ ਅਣਖੇ,
ਦਿਨ ਚੜ੍ਹਿਐ ਕਿਉਂ ਹਾਉਕੇ ਭਰੀਏ।

ਘੁੰਮਦੇ ਪਹੀਏ ਇੱਕੋ ਥਾਂ ਤੇ,
ਨਾ ਹੀ ਜੀਵੀਏ, ਨਾ ਹੀ ਮਰੀਏ

ਯਾਦਾਂ ਭੁੱਲ ਜਾਵਣ ਨਾ ਰਸਤੇ,
ਦੀਵੇ ਬਾਲ ਬਨੇਰੇ ਧਰੀਏ।

ਤੇਰੇ ਦਿਲ ਤੱਕ ਪਹੁੰਚ ਗਿਆ ਹਾਂ,
ਇਸ ਤੋਂ ਅੱਗੇ ਦੱਸ ਕੀਹ ਕਰੀਏ?

*

ਗੁਲਨਾਰ- 106