ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਿ ਨਾ ਜਾਵੀਂ ਅੰਦਰ ਲੁਕ ਕੇ ਤੇਜ਼ ਹਵਾਵਾਂ ਕੋਲੋਂ ਡਰ ਕੇ।
ਕਿੰਨਾ ਕੁ ਚਿਰ ਜੀ ਸਕਦੇ ਹਾਂ, ਏਦਾਂ ਰੋਜ਼ ਦਿਹਾੜੀ ਮਰ ਕੇ।

ਸੀਸ ਤਲੀ ਤੇ ਧਰ ਲੈਂਦੇ ਨੇ, ਹੱਕ, ਸੱਚ ਇਨਸਾਫ਼ ਦੇ ਰਾਖੇ,
ਇਸ ਧਰਤੀ ਤੇ ਮਰਦ ਅਗੰਮੜੇ, ਅੱਜ ਤੱਕ ਜੀਂਦੇ ਏਸੇ ਕਰਕੇ।

ਆਦਮੀਆਂ ਤੋਂ ਬਣ ਚੱਲੇ ਨੇ, ਲੋਕੀਂ ਵੇਖੋ ਰੀਂਘਣਹਾਰੇ,
ਮਾਇਆ ਖਾਤਰ ਧਰਮ ਗਵਾਇਆ, ਕੁਰਸੀ ਪੈਰੀਂ ਸਿਰ ਨੂੰ ਧਰ ਕੇ।

ਆਪੋ ਆਪਣੇ ਘਰ ਦੀ ਰਾਖੀ, ਸਭ ਚਾਹੁੰਦੇ ਕੋਈ ਹੋਰ ਕਰੇਗਾ,
ਰਿਸ਼ਤੇ, ਨਾਤੇ, ਸਿਦਕ, ਸਲੀਕਾ ਚੋਰੀ ਹੋਇਆ ਏਸੇ ਕਰਕੇ।

ਪਿੱਛੇ ਮੁੜ ਕੇ ਜਦ ਵੀ ਵੇਖਾਂ, ਜ਼ਿੰਦਗੀ ਤੇਰਾ ਸ਼ੁਕਰ ਗੁਜ਼ਾਰਾਂ,
ਤੂੰ ਹੀ ਮੈਨੂੰ ਸਾਬਤ ਰੱਖਿਆ, ਰੋਜ਼ ਨਵੇਂ ਸਦਮੇ ਨੂੰ ਜਰ ਕੇ।

ਮਾਂ ਮੇਰੀ ਤਾਂ ਤੁਰ ਗਈ ਭਾਵੇਂ, ਅਣਦਿਸਦੇ ਸੰਸਾਰ 'ਚ ਕਿਧਰੇ,
ਯਾਦਾਂ ਦੇ ਚੌਮੁਖੀਏ ਜਗਦੇ, ਅੱਜ ਵੀ ਜਿੱਥੇ ਗਈ ਸੀ ਧਰ ਕੇ।

ਦੇਸ਼ ਕਾਲ ਨਾ ਸੀਮਾ ਦਿਸਦੀ, ਖੁਸ਼ਬੋਈ ਦਾ ਜਿਸਮ ਨਾ ਕੋਈ,
ਮਹਿਕ ਮਹਿਕ ਲਟਬੌਰਾ ਤਨ ਮਨ, ਉੱਡਦਾ ਧਰਤ ਕਲਾਵੇ ਭਰ ਕੇ।

ਕੱਚੇ ਰਾਹਾਂ ਦੇ ਪਾਂਧੀ ਨੂੰ, ਧਰਤੀ-ਮਾਤ ਸੰਭਾਲਣਹਾਰੀ,
ਮੂੰਹ ਦੇ ਭਾਰ ਤਿਲਕਿਆ ਮੈਂ ਤਾਂ, ਇਹ ਤੇਰੀ ਸੰਗਮਰਮਰ ਕਰਕੇ।

ਤੂੰ ਸੁਪਨੇ ਵਿਚ ਆ ਕੇ ਕਿਧਰੇ, ਸੁੱਤਾ ਸਮਝ ਪਰਤ ਨਾ ਜਾਵੀਂ,
ਨੀਂਦਰ ਅੱਖੀਆਂ ਦੇ ਵਿਚ ਲੈ ਕੇ, ਜਾਗ ਰਿਹਾਂ ਬੱਸ ਤੇਰੇ ਕਰਕੇ।

*

ਗੁਲਨਾਰ- 105