ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਦੇ ਮੇਰੀਏ ਨਾ ਹੋਵੀਂ ਕਦੇ ਏਨੀ ਤੂੰ ਉਦਾਸ।
ਬੁੱਤ ਰਹਿ ਜਾਵੇ ਕੱਲ੍ਹਾ, ਉੱਡੇ ਹੋਸ਼ ਤੇ ਹਵਾਸ।

ਏਸ ਜ਼ਿੰਦਗੀ 'ਚ ਸੋਹਣੇ ਫੁੱਲ ਕੀਹਦੇ ਹਿੱਸੇ ਆਏ,
ਕਿਤੇ ਕੰਡਿਆਂ ਦੀ ਸੇਜ ਕਿਤੇ ਜ਼ਹਿਰ ਦਾ ਗਲਾਸ।

ਵੇਖ ਆਪਣੇ ਤੋਂ ਦੂਰ ਹੋ ਕੇ ਦੁਨੀਆਂ ਦਾ ਮੇਲਾ,
ਏਥੇ ਬਹੁਤ ਸਾਰੇ ਫ਼ੇਲ੍ਹ ਅਤੇ ਕੋਈ ਕੋਈ ਪਾਸ।

ਤੇਰੇ ਕੋਲ ਕੋਲ ਮੰਜ਼ਿਲਾਂ ਨੇ, ਇਹਨਾਂ ਨੂੰ ਪਛਾਣ,
ਕਦੇ ਉੱਡਣੇ ਪਰਿੰਦੇ, ਖ੍ਵਾਬ ਹੋਣ ਨਾ ਉਦਾਸ।

ਜਿਵੇਂ ਫੁੱਲਾਂ ਵਿੱਚ ਰੰਗ ਖੁਸ਼ਬੋਈ ਰਹਿਣ 'ਕੱਠੇ,
ਉਵੇਂ ਸੁਰ ਅਤੇ ਤਾਲ ਹੁੰਦੇ ਗੀਤ ਦਾ ਲਿਬਾਸ।

ਮੈਨੂੰ ਆਪਣੇ 'ਚੋਂ ਵੇਖ ਅਤੇ ਸਾਹਾਂ 'ਚੋਂ ਪਛਾਣ,
ਏਥੇ ਹਾਉਕਿਆਂ ਦੇ ਵਾਂਗ ਮੇਰੀ ਚੁੱਪ ਦਾ ਨਿਵਾਸ।

ਦਿਲਾ ਐਵੇਂ ਨਾ ਤੂੰ ਪਰਖ਼ਾਂ 'ਚ ਪਾਇਆ ਕਰ ਮੈਨੂੰ,
ਤੇਰੀ ਟਿਕ ਟਿਕ ਟਿਕ ਦਾ ਹੈ ਮੈਨੂੰ ਧਰਵਾਸ।

*

ਗੁਲਨਾਰ- 102