ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਨਵੇਂ ਰੰਗ ਵਿੱਚ ਰੰਗ ਦੇ ਮੈਨੂੰ ਮਹਿਕਾਂ ਭਰ ਕੇ।
ਮਿੱਟੀ ਦੇ ਬੁੱਤ ਤਾਈਂ ਛੂਹਕੇ ਜਿਉਂਦਾ ਕਰਕੇ।

ਮੇਰੇ ਦਿਲ ਤੇ ਹੱਥ ਧਰ ਦੇ ਇਹ ਧੜਕ ਪਵੇਗਾ,
ਇਸ ਨੂੰ ਧੜਕਣ ਲਾ ਦੇ, ਥੋਹੜੀ ਰਹਿਮਤ ਕਰਕੇ।

ਦਿਲ ਵਿਚ ਲੀਕਾਂ ਚਾਰ ਦੀਵਾਰੀ ਤੋਂ ਵੱਧ ਜਾਬਰ,
ਸਹਿਜ ਬਖਸ਼ ਦੇ ਇਹਨਾਂ ਨੂੰ ਫੁੱਲ ਕਲੀਆਂ ਕਰਕੇ।

ਦੂਰ ਦੇਸ ਪਰਦੇਸ ਅਸਲ ਵਿੱਚ ਜਿਸਮਾਂ ਲਈ ਹੈ,
ਪੌਣਾਂ ਵਾਂਗੂੰ ਮਿਲ ਜਾਇਆ ਕਰ ਹਿੰਮਤ ਕਰਕੇ।

ਜਿਉਣ ਦੀ ਖ਼ਾਤਰ ਜੀਵਨ ਨੂੰ ਤੂੰ ਸਮਝੀਂ ਪਹਿਲਾਂ,
ਕਿਉਂ ਮਰ ਚਲਿਐਂ ਵਕਤੋਂ ਪਹਿਲਾਂ ਮੌਤੋਂ ਡਰ ਕੇ।

ਵੇਖੀਂ ਇਹ ਕੀਹ ਧੜਕੇ, ਤੇਰੇ ਚਰਨਾਂ ਦੇ ਵਿੱਚ
ਲੱਗਦੈ ਮੈਂ ਦਿਲ ਭੁੱਲ ਗਿਆ ਹਾਂ ਏਥੇ ਧਰ ਕੇ।

ਪੜ੍ਹ ਲੈ ਪੜ੍ਹ ਲੈ, ਇਹ ਪੁਸਤਕ ਹੈ ਤੇਰੇ ਕੰਮ ਦੀ,
ਹੋਰ ਕਿਸੇ ਨੇ ਕੀਹ ਕਰਨੇ ਨੇ ਦਿਲ ਦੇ ਵਰਕੇ।

*

ਗੁਲਨਾਰ- 10