ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੦ਵੀਂ ਕੂੰਜ

ਮੇਘਾਂ ਦੇ ਮਾਲਕ,
ਧਰਤੀ ਸਭ ਤਾਂਬਾ ਹੋਈ
ਬ੍ਰਿਛਾਂ ਦੀ ਹਰਿਆਲੀ ਚਾਦਰ
ਤਾਰ ਤਾਰ ਹੋਈ ਤੇ ਉਲਝੀ
ਨੰਗਾ ਆਕਾਸ਼ ਸਾਰਾ
ਬੱਦਲ ਦੀ ਟੁਕੜੀ ਨਹੀਂ
ਹੇ ਪ੍ਰਭੂ ਵਗਾ ਦੇ ਝਖੜਾਂ ਨੂੰ
ਅੰਨੇਰੀਆਂ ਚਲਣ ਤੇ ਬਿਜਲੀ ਕੜਕੇ
ਬ੍ਰਿਛ ਜੜ੍ਹਾਂ ਤੋਂ ਪੁਟੇ ਜਾਣ
ਡਿੱਗਣ ਆਂਡੇ, ਢਹਿਣ ਆਲ੍ਹਣੇ
ਇਹ ਸਭ ਕੁਝ ਮਨਜ਼ੂਰ ਅਸਾਨੂੰ
ਇਕੱਲਾਪਣ ਖਾਂਦਾ ਹੈ ਦਿਲ ਨੂੰ
ਮਰਦਾਂ ਦੀ ਘੂਰੀ ਨਾਲ
ਬਾਲ ਅਞਾਣੇ ਥਰ ਥਰ ਕੰਬਣ
ਮਾਂ ਦੀਆਂ ਅੱਖਾਂ 'ਚ ਹੰਝੂ ਡਲ੍ਹਕਣ
ਬਦਲਾਂ ਨੂੰ ਵੀ ਮਾਂ ਬਣਾ ਦੇ
ਅੱਖਾਂ ਵਿਚ ਹੰਝੂ ਲਟਕਾ ਦੇ
ਮੇਰੇ ਉਤੇ ਕਿਣਮਿਣ ਲਾ ਦੇ,
ਮੇਘਾਂ ਦੇ ਮਾਲਕ।

੪੮