ਇਹ ਸਫ਼ਾ ਪ੍ਰਮਾਣਿਤ ਹੈ

ਜਾਣ-ਪਛਾਣ

[ਵੱਲੋਂ ਸ: ਬੀਰ ਸਿੰਘ ਜੀ ਐਮ. ਏ. ਬੀ. ਟੀ.]

ਮੈਂ ਆਪਣੇ ਆਪ ਨੂੰ ਇਕ ਉਲਝਣ ਜੇਹੀ ਵਿਚ ਪਾ ਲਿਆ ਹੈ, ਆਪਣੇ ਮਿੱਤ੍ਰ ਗਿਆਨੀ ਨਰਿੰਦਰ ਸਿੰਘ ਸੋਚ ਦੇ ਆਖਣ ਉਤੇ ਮੈਂ ਇਹ ਗਲ ਤਾਂ ਮੰਨ ਲਈ ਕਿ ਮੈਂ ਉਨ੍ਹਾਂ ਦੀ ਇਸ ਪੁਸਤਕ ਲਈ ਜਾਣ ਪਛਾਣ ਲਿਖਾਂ, ਪਰ ਲਿਖਣ ਵੇਲੇ ਮੈਨੂੰ ਪਤਾ ਲਗਾ ਕਿ ਜੇ ਕਿਸੇ ਭਲੇ ਮਾਣਸ ਨੇ ਜਾਣ ਪਛਾਣ ਕਰਵਾਣ ਵਾਲੇ ਨੂੰ ਪੁਛ ਲਿਆ ਕਿ ਤੂੰ ਆਪ ਕੌਣ ਹੈਂ? ਤਾਂ ਮੈਨੂੰ ਇਧਰ ਉਧਰ ਝਾਕਣਾ ਪੈ ਜਾਵੇਗਾ।

ਮੇਰਾ ਯਕੀਨ ਹੈ ਕਿ ਪੰਜਾਬੀ ਨਾਲ ਪਿਆਰ ਕਰਨ ਵਾਲੇ ਮੇਰੇ ਨਾਲੋਂ ਗਿਆਨੀ ਜੀ ਨੂੰ ਵਧੇਰੇ ਜਾਣਦੇ ਹਨ, ਇਹ ਉਨ੍ਹਾਂ ਦੀ ਪਹਿਲੀ ਪੁਸਤਕ ਨਹੀਂ ਜੋ ਸਾਹਿੱਤ ਦੇ ਮੈਦਾਨ ਵਿਚ ਆ ਰਹੀ ਹੈ, ਮੇਰੇ ਜੋੜੀਦਾਰ ( Colleague ) ਹੁੰਦਿਆਂ ਹੋਇਆਂ ਉਨ੍ਹਾਂ ਦੀਆਂ ਦੋ ਨਾਵਲਾਂ ਕੈਦੀ ( A Tale of Two Cities ) ਤੇ ਮਾਂ ( Ninety Three ) ਛਪੇ ਤੇ ਪੜ੍ਹੇ ਜਾ ਚੁਕੇ ਹਨ। ਇਹ ਅੰਗ੍ਰੇਜ਼ੀ ਨਾਵਲਾਂ ਦੇ ਤਰਜਮੇਂ ਹਨ ਪਰ ਮੈਂ ਭਰੋਸਾ ਦਿਵਾ ਸਕਦਾ ਹਾਂ ਜਿਨ੍ਹਾਂ ਸਜਣਾਂ ਨੇ ਇਹ ਪੁਸਤਕਾਂ ਅੰਗ੍ਰੇਜ਼ੀ ਵਿਚ ਭੀ ਪੜ੍ਹੀਆਂ ਹਨ, ਉਨਾਂ ਲਈ ਭੀ ਇਹ ਦਿਲਚਸਪੀ ਤੋਂ ਖਾਲੀ ਨਹੀਂ ਹਨ ਅਤੇ ਜਿਨ੍ਹਾਂ ਪਾਠਕਾਂ ਦੀ ਇਨ੍ਹਾਂ ਨਾਲ ਪਹਿਲੀ ਵੇਰ ਇਸ ਰੂਪ ਵਿਚ ਹੀ ਜਾਣ ਪਛਾਣ ਹੋਈ ਹੈ, ਉਹ ਤਾਂ ਭਰਮ ਭੀ ਨਹੀਂ ਕਰ ਸਕਦੇ ਕਿ ਇਹ ਸਾਡੇ ਦੇਸ਼ ਵਿਚ ਪ੍ਰਦੇਸੀ ਆਏ ਹੋਏ ਹਨ। ਗਿਆਨੀ ਜੀ ਨੇ ਇਨ੍ਹਾਂ ਨੂੰ ਪੰਜਾਬੀ ਪੁਸ਼ਾਕ ਇਸ ਸੁਹਣੇ ਢੰਗ ਨਾਲ ਫਬਾਈ ਹੈ ਕਿ ਇਨ੍ਹਾਂ ਦੀ ਨੁਹਾਰ ਹੀ ਬਦਲ ਗਈ ਜਾਪਦੀ ਹੈ। ਇਸ ਮਹਿੰਗਾਈ ਦੇ ਸਮੇਂ ਗਿਆਨੀ ਜੀ ਦਾ ਨਵੀਂ ਪੁਸਤਕ ਛਪਵਾਉਣ ਦਾ ਹੀਆ ਕਰਨਾ ਇਸ ਗਲ ਦਾ ਪ੍ਰਮਾਣ ਹੈ ਕਿ ਇਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਨੂੰ ਪੰਜਾਬੀ ਪਾਠਕਾਂ ਨੇ ਕਿੰਨਾ ਪਸੰਦ ਕੀਤਾ ਹੈ।