ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯੯ਵੀਂ ਕੂੰਜ

ਜੀਵਨ-ਕਿਸ਼ਤੀ ਦੀ ਪਤਵਾਰ ਛਡਣ ਵੇਲੇ, ਜਾਣਦਾ ਹਾਂ ਕਿ ਇਸਨੂੰ ਆਪਣੇ ਹਥ ਵਿਚ ਲੈ ਲਏਂਗਾ ਜੋ ਕੁਝ ਹੋਣ ਵਾਲਾ ਹੈ, ਛੇਤੀ ਹੀ ਹੋ ਜਾਵੇਗਾ, ਹੁਣ ਭਜੋ ਨਠੋ ਕਰਨੀ ਵਾਧੂ ਹੈ।

ਹੇ ਮਨ, ਹੁਣ ਆਪਣੇ ਹਥ ਨੂੰ ਖਿਚ ਲੈ ਅਤੇ ਆਪਣੀ ਹਾਰ ਨੂੰ ਚੁੱਪ ਚਾਪ ਸਹਾਰ ਲੈ, ਜਿਸ ਹਾਲਤ ਵਿਚ ਤੂੰ ਹੈਂ, ਉਸੇ ਵਿਚ ਰਹਿਣ ਆਪਣਾ ਚੰਗਾ ਭਾਗ ਜਾਣ।

ਹਵਾ ਦੇ ਥੋੜੇ ਥੋੜੇ ਹਿਲੋਰਿਆਂ ਨਾਲ ਮੇਰੇ ਇਹ ਦੀਵੇ ਬੁਝ ਜਾਂਦੇ ਹਨ, ਇਨ੍ਹਾਂ ਨੂੰ ਮੁੜ ਮੁੜ ਜਗਾਉਣ ਦੇ ਯਤਨਾਂ ਵਿਚ ਹੋਰ ਸਭ ਕੁਝ ਭੁਲ ਜਾਂਦਾ ਹਾਂ।

ਐਤਕੀਂ ਮੈਂ ਸਿਆਣਪ ਤੋਂ ਕੰਮ ਲਵਾਂਗਾ, ਆਪਣੇ ਵੇਹੜੇ ਵਿਚ ਆਸਣ ਵਿਛਾ ਕੇ ਅੰਨ੍ਹੇਰੇ ਵਿਚ ਉਡੀਕ ਕਰਾਂਗਾ। ਹੇ ਮੇਰੇ ਪ੍ਰਭੂ, ਜਦੋਂ ਤੇਰਾ ਦਿਲ ਕਰੇ, ਚੁਪ ਚੁਪੀਤਾ ਏਧਰ ਆ ਜਾਵੀਂ ਤੇ ਮੇਰੇ ਲਾਗੇ ਬੈਠ ਜਾਣਾ।

੧੨੨