ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸਤ੍ਰੋਵਸਕੀ ਨੇ ਇਸ ਪਹਿਲੇ ਨਾਵਲ ਤੋਂ ਜਲਦ ਪਿੱਛੋਂ ਆਪਣਾ ਦੂਜਾ ਨਾਵਲ 'ਤੂਫ਼ਾਨਾਂ ਦੇ ਜਾਏ' ਲਿਖਣਾ ਸ਼ੁਰੂ ਕੀਤਾ ਪ੍ਰੰਤੂ ਉਸ ਦੀ ਮੌਤ ਨੇ ਇਸ ਨੂੰ ਮੁਕੰਮਲ ਨਾ ਕਰਨ ਦਿੱਤਾ। 22 ਦਸੰਬਰ, 1936 ਨੂੰ ਜਦ ਇਸ ਨਾਵਲ ਦਾ ਪਹਿਲਾ ਹਿੱਸਾ ਪ੍ਰਕਾਸ਼ਿਤ ਹੋਇਆ, ਉਸੇ ਦਿਨ ਆਸਤ੍ਰੋਵਸਕੀ ਸਦਾ ਲਈ ਅਲਵਿਦਾ ਕਹਿ ਗਿਆ।

ਜੇ ਆਸਤੋਵਸਕੀ ਕੁਝ ਸਮਾਂ ਹੋਰ ਜਿਉਂਦਾ ਰਹਿੰਦਾ ਤਾਂ ਲਾਜ਼ਮੀ ਹੀ ਉਸ ਨੇ ਸੰਸਾਰ ਸਾਹਿਤ ਵਿੱਚ ਵੱਡਮੁੱਲਾ ਹਿੱਸਾ ਪਾਉਣਾ ਸੀ। ਪ੍ਰੰਤੂ ਅਗੇਤੀ ਮੌਤ ਦੇ ਕਾਰਨ ਉਸ ਦੀ ਮੁੱਖ ਰਚਨਾ ਇਹੀ ਇੱਕ ਨਾਵਲ ਹੈ ਅਤੇ ਇਸੇ ਇੱਕੋ ਨਾਵਲ ਨੇ ਉਸ ਨੂੰ ਅਮਰ ਕਰ ਦਿੱਤਾ।

ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿੱਚ ਇਸ ਨਾਵਲ ਦਾ ਦੋ ਵਾਰ ਅਨੁਵਾਦ ਹੋ ਚੁੱਕਾ ਹੈ। ਪਹਿਲੀ ਵਾਰ 1959 ਵਿੱਚ ਇਸ ਦਾ ਅਨੁਵਾਦ ਪ੍ਰੀਤਲੜੀ ਪ੍ਰੈਸ, ਪ੍ਰੀਤ ਨਗਰ ਵੱਲੋਂ ਛਾਪਿਆ ਗਿਆ। ਇਹ ਅਨੁਵਾਦ 'ਸੂਰਮੇ ਦੀ ਸਿਰਜਣਾ' ਨਾਮ ਹੇਠ ਦਰਸ਼ਨ ਸਿੰਘ ਅਤੇ ਸੁਖਬੀਰ ਸਿੰਘ ਨੇ ਕੀਤਾ ਸੀ। ਫਿਰ 1981 ਵਿੱਚ ਪ੍ਰਗਤੀ ਪ੍ਰਕਾਸ਼ਨ ਮਾਸਕੋ ਵੱਲੋਂ ਇਹੀ ਨਾਵਲ 'ਕਬਹੂੰ ਨਾ ਛਾਡੈ ਖੇਤ' ਦੇ ਨਾਂਅ ਹੇਠ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹ ਦੂਸਰਾ ਅਨੁਵਾਦ ਕਰਨਜੀਤ ਸਿੰਘ ਵੱਲੋਂ ਕੀਤਾ ਗਿਆ ਸੀ।

153