ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਪਰੀਆਂ ਘਟਨਾਵਾਂ ਦੇ ਆਧਾਰ ਉਤੇ ਹੈ। ਆਸਤੋਵਸਕੀ ਵਰਗਾ ਇੱਕ ਸੂਰਮਾ ਹੀ ਪਾਵੇਲ ਕਰਚਾਗਿਨ ਵਰਗੇ ਸੂਰਮੇ ਪਾਤਰ ਦੀ ਸਿਰਜਣਾ ਕਰ ਸਕਦਾ ਸੀ। ਫਿਰ ਵੀ ਆਸਤੋਵਸਕੀ ਇਸ ਨੂੰ ਆਪਣੀ ਜੀਵਨੀ ਸਮਝੇ ਜਾਣ ਦੇ ਵਿਰੁੱਧ ਸੀ ਅਤੇ ਇਸ ਨੂੰ ਇੱਕ ਨਾਵਲ ਵਜੋਂ ਹੀ ਜਾਣਿਆ ਜਾਣਾ ਚਾਹੁੰਦਾ ਸੀ।

ਇੱਕ ਵਿਅਕਤੀ ਭਰ ਜਵਾਨੀ ਦੀ ਉਮਰ ਵਿੱਚ, ਬਿਸਤਰੇ 'ਤੇ ਕਦੇ ਵੀ ਠੀਕ ਨਾ ਹੋਣ ਵਾਲੀ ਹਾਲਤ ਵਿੱਚ ਪਿਆ ਹੈ, ਸਾਰੇ ਸਰੀਰ ਵਿੱਚ ਪੀੜਾਂ ਹਨ, ਬਹੁਤੇ ਜੋੜ ਹਿਲਦੇ ਨਹੀਂ, ਦੋਹਵਾਂ ਅੱਖਾਂ ਦੀ ਨਜ਼ਰ ਨਹੀਂ, ਕਲਪਨਾ ਕਰੋ ਉਸ ਦੀ ਮਾਨਸਿਕ ਹਾਲਤ ਕੀ ਹੋਵੇਗੀ? ਤੁਸੀਂ ਕਹੋਗੇ ਅਤਿ ਨਿਰਾਸ਼ਾਵਾਦੀ। ਪਰ ਉਹ ਸੂਰਮਾ ਹੀ ਕਾਹਦਾ ਹੋਇਆ ਜੋ ਪ੍ਰਤੀਕੂਲ ਕਠਿਨ ਹਾਲਤਾਂ ਨੂੰ ਵੇਖ ਕੇ ਦਿਲ ਛੱਡ ਜਾਵੇ, ਢੇਰੀ ਢਾਹ ਕੇ ਬੈਠ ਜਾਵੇ। ਆਸਤੋਵਸਕੀ ਇੱਕ ਸੱਚੀ ਮੁੱਚੀਂ ਦਾ ਸੂਰਮਾ ਸੀ ਇਸੇ ਕਰਕੇ ਉਸ ਨੇ ਇੱਕ ਰਸਾਲੇ ਦੀ ਸੰਪਾਦਕ ਅੰਨਾ ਕਰਾਵਾਯੇਵਾ ਨੂੰ ਲਿਖਿਆ-

“ਤੁਹਾਨੂੰ ਸੱਚ ਦੱਸਾਂ, ਹਾਲੇ ਵੀ ਮੈਂ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨਾਲੋਂ, ਜਿਹੜੇ ਮੈਨੂੰ ਮਿਲਣ ਆਉਂਦੇ ਹਨ, ਕਿਤੇ ਵੱਧ ਖੁਸ਼ੀ ਦਾ ਜੀਵਨ ਜਿਉਂ ਰਿਹਾ ਹਾਂ। ਉਨ੍ਹਾਂ ਦੇ ਸਰੀਰ ਨਰੋਏ ਹਨ, ਪਰ ਉਨ੍ਹਾਂ ਦੀ ਹੋਂਦ ਰੁੱਖੀ ਅਤੇ ਬੇਰੰਗ ਹੈ। ਉਹ ਦੋਹਵਾਂ ਅੱਖਾਂ ਨਾਲ ਵੇਖ ਸਕਦੇ ਹਨ, ਪਰ ਮੈ ਸਮਝਦਾ ਹਾਂ ਕਿ ਉਨ੍ਹਾਂ ਦੀ ਤੱਕਣੀ ਖੋਖਲੀ ਅਤੇ ਅਲਗਰਜ਼ ਹੈ। ਉਹ ਸ਼ਾਇਦ ਮੇਰੇ ਉਤੇ ਤਰਸ ਖਾਂਦੇ ਅਤੇ ਸੋਚਦੇ ਹਨ ‘ਰੱਬ ਮੈਨੂੰ ਇਹਦੇ ਵਰਗੀ ਹਾਲਤ ਵਿੱਚ ਪੈਣੋਂ ਬਚਾਵੇ।” ਪਰ ਮੈਨੂੰ ਉਹ ਅਜਿਹੇ ਤੁੱਛ ਜੀਵ ਪ੍ਰਤੀਤ ਹੁੰਦੇ ਹਨ ਕਿ ਮੈਂ ਕਸਮ ਖਾ ਕੇ ਆਖਦਾ ਹਾਂ ਕਿ ਮੈਂ ਉਨ੍ਹਾਂ ਨਾਲ ਥਾਂ ਬਦਲਣ ਲਈ ਕਦੇ ਸਹਿਮਤ ਨਹੀਂ ਹੋਵਾਂਗਾ।”

152