ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਢਾਹ ਲਿਆ। 1926 ਵਿੱਚ ਜਦੋਂ ਉਹ 22 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਸੀ ਤਾਂ ਇਹ ਸਪਸ਼ਟ ਹੋ ਗਿਆ ਕਿ ਉਸ ਨੂੰ ਅਗਲੀ ਸਾਰੀ ਉਮਰ ਬਿਸਤਰੇ ਵਿੱਚ ਬਿਤਾਣੀ ਪਵੇਗੀ, ਇਸ ਤੋਂ ਤਿੰਨ ਸਾਲ ਬਾਅਦ ਉਸ ਦੀਆਂ ਦੋਹਵਾਂ ਅੱਖਾਂ ਦੀ ਨਜ਼ਰ ਚਲੀ ਗਈ ਅਤੇ 1930 ਵਿੱਚ ਉਸ ਦੇ ਹੱਥਾਂ ਅਤੇ ਕੂਹਣੀਆਂ ਤੋਂ ਸਿਵਾ ਸਾਰੇ ਜੋੜ ਕੰਮ ਕਰਨੋਂ ਹਟ ਗਏ।

ਇਹ ਤਾਂ ਹੈ ਉਸ ਦੇ ਜੀਵਨ ਉਤੇ ਸੰਖੇਪ ਬਾਹਰੀ ਝਾਤ ਪਰ ਇਸ ਤੋਂ ਬਾਅਦ ਹੀ ਉਸ ਦੀ ਜ਼ਿੰਦਗੀ ਦਾ ਉਹ ਮਹੱਤਵਪੂਰਨ ਹਿੱਸਾ ਸ਼ੁਰੂ ਹੁੰਦਾ ਹੈ ਜਦੋਂ ਉਸ ਦੀ ਅੰਦਰੂਨੀ ਤਾਕਤ ਨੇ ਬਾਹਰੀ ਨਿਰਬਲਤਾ ਉੱਤੇ ਕਾਬੂ ਪਾਇਆ, ਉਸ ਦੀ ਮਾਨਸਿਕ ਤਕੜਾਈ ਅਤੇ ਸਰੀਰਕ ਕਮਜ਼ੋਰੀ ਦੇ ਭੇੜ ਵਿੱਚੋਂ ਜ਼ਿੰਦਗੀ ਦੇ ਨਵੇਂ ਅਰਥ ਨਿਕਲੇ। ਆਪਣੀ ਜ਼ਿੰਦਗੀ ਦੇ ਆਖਰੀ ਛੇ ਵਰ੍ਹਿਆਂ ਵਿੱਚ ਉਸ ਨੇ ਜੋ ਕੰਮ ਕੀਤਾ ਅਤੇ ਇੱਕ ਸੂਰਮੇ ਦੀ ਮਾਨਸਿਕਤਾ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਉਹ ਸਾਡੇ ਲਈ ਪ੍ਰੇਰਨਾ ਦਾ ਇੱਕ ਅਦੁੱਤੀ ਸੋਮਾ ਬਣਦਾ ਹੈ।

ਸਰੀਰਕ ਤੌਰ ਤੇ ਉਪਰੋਕਤ ਹਾਲਤ ਵਿੱਚ ਪਹੁੰਚਣ ਤੋਂ ਬਾਅਦ ਜਦ ਸਿਹਤਯਾਬ ਹੋਣ ਦੀਆਂ ਸਭ ਉਮੀਦਾਂ ਮੁੱਕ ਗਈਆਂ ਤਾਂ ਆਸਤ੍ਰੋਵਸਕੀ ਨੇ ਇੱਕ ਵਿਉਂਤ ਸੋਚੀ ਜਿਹੜੀ ਉਸ ਦੀ ਜ਼ਿੰਦਗੀ ਨੂੰ ਅਰਥ ਭਰਪੂਰ ਬਣਾ ਸਕਦੀ ਸੀ ਅਤੇ ਉਸ ਦੇ ਜਿਉਣ ਨੂੰ ਸਕਾਰਥ ਕਰ ਸਕਦੀ ਸੀ। ਉਸ ਨੇ ਸੰਗਰਾਮੀਆਂ ਦੀਆਂ ਸਫ਼ਾਂ ਵਿੱਚ ਇੱਕ ਨਵੇਂ ਹਥਿਆਰ ਨਾਲ ਲੈਸ ਹੋ ਕੇ ਪਰਤਣ ਦਾ ਇਰਾਦਾ ਬਣਾਇਆ। ਇਹ ਹਥਿਆਰ ਸੀ ਉਸ ਦੀ ਲੇਖਣੀ। ਉਸ ਦੇ ਦਿਲ ਵਿੱਚ ਆਇਆ ਕਿ ਉਹ ਨਵੀਆਂ ਪੀੜ੍ਹੀਆਂ ਨੂੰ ਕਮਿਊਨਿਜ਼ਮ ਦੇ ਆਦਰਸ਼ ਲਈ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਆਪਣੀ ਪਾਰਟੀ ਦੀ ਮਦਦ ਕਰਨ ਲਈ ਇਨਕਲਾਬੀ ਲਹਿਰ ਦੇ ਮਹਾਨ

150