ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਟ ਖਾਣਾ - ਇੱਕ ਤਰਕਸ਼ੀਲ ਨਜ਼ਰੀਆ

ਮਨੁੱਖ ਲਈ ਦੂਸਰੇ ਜਾਨਵਰਾਂ ਦਾ ਮਾਸ ਖਾਣਾ ਜਾਇਜ਼ ਹੈ ਜਾਂ ਨਹੀਂ, ਇਹ ਵਿਸ਼ਾ ਅਕਸਰ ਹੀ ਭਖਵੀਂ ਬਹਿਸ ਦਾ ਮੁੱਦਾ ਬਣਦਾ ਹੈ। ਇੱਕ ਨਜ਼ਰੀਏ ਦੇ ਲੋਕਾਂ ਅਨੁਸਾਰ ਮੀਟ ਖਾਣਾ ਘੋਰ ਪਾਪ ਹੈ, ਜਾਨਵਰਾਂ ਉੱਤੇ ਜੁਲਮ ਹੈ, ਐਵੇਂ ਜੀਭ ਦਾ ਸਵਾਦ ਹੈ। ਦੂਸਰੇ ਨਜ਼ਰੀਏ ਅਨੁਸਾਰ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਵਾਧੂ ਅਵਾਰਾ ਪਸ਼ੂ ਹਨ, ਇਹ ਅਵਾਰਾ ਪਸ਼ੂ ਫਸਲਾਂ ਦਾ ਬੇਥਾਹ ਉਜਾੜਾ ਕਰਦੇ ਹੋਏ ਕਿਸਾਨਾਂ ਦਾ ਨੱਕ ਵਿੱਚ ਦਮ ਕਰੀ ਰਖਦੇ ਹਨ, ਸੜਕਾਂ ਬਜ਼ਾਰਾਂ ਵਿੱਚ ਟਰੈਫਿਕ ਜਾਮ ਕਰ ਛਡਦੇ ਹਨ, ਐਕਸੀਡੈਂਟ ਕਰਵਾਉਂਦੇ ਹਨ, ਇਹੀ ਜਾਨਵਰ ਜੇ ਮੀਟ ਵਜੋਂ ਵਰਤੇ ਜਾਣ ਤਾਂ ਬਹੁਤ ਲੋਕਾਂ ਨੂੰ ਪੌਸ਼ਟਿਕ ਭੋਜਨ ਮਿਲ ਸਕਦਾ ਹੈ। ਪਹਿਲੇ ਨਜ਼ਰੀਏ ਵਿੱਚ ਭਾਵਨਾਵਾਂ ਦੀ ਪ੍ਰਧਾਨਤਾ ਹੈ ਅਤੇ ਦੂਸਰੇ ਵਿੱਚ ਸਮਾਜਿਕ ਯਥਾਰਥ ਦੀ।

ਕਿਸੇ ਦਾ ਖ਼ੁਦ ਮੀਟ ਖਾਣਾ ਜਾਂ ਨਾ ਖਾਣਾ ਉਸ ਦਾ ਜਾਤੀ ਮਾਮਲਾ ਹੈ ਅਤੇ ਇਸ ਬਾਰੇ ਫੈਸਲਾ ਕਰਨਾ ਉਸ ਦਾ ਹੱਕ ਹੈ, ਪ੍ਰੰਤੂ ਸਮੁੱਚੇ ਸਮਾਜ ਦੇ ਸੰਦਰਭ ਵਿੱਚ ਇਸ ਮਸਲੇ ਪ੍ਰਤੀ ਉਸ ਦੀ ਪਹੁੰਚ ਜਰੂਰ ਸੰਤੁਲਿਤ ਅਤੇ ਤਰਕਸ਼ੀਲ ਹੋਣੀ ਚਾਹੀਦੀ ਹੈ। ਇਸ ਲੇਖ ਵਿੱਚ ਇਸ ਮਸਲੇ ਦੇ ਵੱਖ ਵੱਖ ਪਹਿਲੂਆਂ ਨੂੰ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਵਿਚਾਰਣ ਦੀ ਕੋਸ਼ਿਸ਼ ਕੀਤੀ ਗਈ ਹੈ।

130