ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(1) ਦੂਰਦਰਸ਼ੀ ਸੂਰਜ ਦਾ ਉਦੇ ਹੋਣਾ ਸ਼ੁਭ ਹੋਵੇ, ਚਾਰੇ ਦਿਸ਼ਾਵਾਂ ਸ਼ੁਭ ਹੋਣ, ਪਹਾੜ ਸ਼ੁਭ ਹੋਣ, ਦਰਿਆ ਅਤੇ ਸਾਗਰ ਸ਼ੁਭ ਹੋਣ (ਰਿਗਵੇਦ vii-35.8)

(2) ‘ਸ਼ਾਲਾ! ਪਹਾੜ, ਸਾਗਰ, ਦਇਆਲੂ ਬੂਟੇ, ਅਕਾਸ਼, ਬ੍ਰਿਛਾਂ ਵਾਲੀ ਧਰਤੀ ਅਤੇ ਦੋਹਵੇਂ ਲੋਕ ਸਾਡੀ ਰੱਖਿਆ ਕਰਨ' (ਰਿਗਵੇਦ vii-34.23}

(3) ‘ਬਲਵਾਨ ਪਹਾੜ ਸਾਡੀ ਬੇਨਤੀ ਸੁਣਨ' (ਰਿਗਵੇਦ ili-54.8)

ਜਿਥੇ ਪਹਿਲੀ ਟੂਕ ਵਿੱਚ ਕੁਦਰਤੀ ਸ਼ਕਤੀਆਂ ਦੇ ਮਨੁੱਖ ਲਈ ਸ਼ੁਭ ਰਹਿਣ ਦੀ ਕੇਵਲ ਇੱਛਾ ਕੀਤੀ ਗਈ ਹੈ ਉਥੇ ਦੂਸਰੀ ਅਤੇ ਤੀਸਰੀ ਟੂਕ ਵਿੱਚ ਇਨ੍ਹਾਂ ਕੁਦਰਤੀ ਸ਼ਕਤੀਆਂ ਨੂੰ ਬੇਨਤੀਆਂ ਸੁਣ ਸਕਣ ਵਾਲੀਆਂ ਚੇਤਨ ਸ਼ਕਤੀਆਂ ਚਿਤਵਿਆ ਗਿਆ ਹੈ।

ਦੂਸਰੇ ਪਾਸੇ ਮਨੁੱਖ ਦੀ ਬੁੱਧੀ ਦੇ ਵਿਕਾਸ ਨੇ ਉਸ ਵਿਚ ਆਸੇ ਪਾਸੇ ਦੇ ਕੁਦਰਤੀ ਵਰਤਾਰਿਆਂ ਨੂੰ ਜਾਣਨ ਦੀ ਜਿਗਿਆਸਾ ਪੈਦਾ ਕੀਤੀ। ਪਰ ਪ੍ਰਾਚੀਨ ਮਨੁੱਖ ਦੀ ਸੀਮਿਤ ਬੁੱਧੀ ਅਤੇ ਸੀਮਤ ਜਾਣਕਾਰੀ ਲਈ ਵਿਸ਼ਾਲ ਕੁਦਰਤੀ ਵਰਤਾਰਿਆਂ ਦੀ ਥਾਹ ਪਾਉਣਾ ਆਸਾਨ ਕੰਮ ਨਹੀ ਸੀ। ਅਸਮਾਨ ਵਿੱਚ ਬਿਜਲੀ ਕਿਉਂ ਚਮਕਦੀ ਹੈ, ਵਰਖਾ ਕਿਉਂ ਹੁੰਦੀ ਹੈ, ਹਵਾਵਾਂ ਕਿਸ ਸ਼ਕਤੀ ਨਾਲ ਚਲਦੀਆਂ ਹਨ, ਸੂਰਜ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਵੱਲ ਕਿਸ ਤਰ੍ਹਾਂ ਜਾਂਦਾ ਹੈ ਆਦਿ ਵਰਤਾਰਿਆਂ ਪਿਛੇ ਕੰਮ ਕਰਦੇ ਵਿਗਿਆਨਕ ਨਿਯਮਾਂ ਅਤੇ ਊਰਜਾ ਦੀ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਸੋ ਉਸਨੇ ਇਹਨਾਂ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਥੂਲ ਰੂਪ ਵਿੱਚ ਚਿਤਵ ਲਿਆ। ਇਸ ਪ੍ਰਕਾਰ ਅਲੱਗ ਅਲੱਗ ਕੁਦਰਤੀ ਸ਼ਕਤੀਆਂ ਨਾਲ ਸਬੰਧਿਤ ਅਲੱਗ ਅਲੱਗ ਦੇਵੀ ਦੇਵਤੇ ਹੋਂਦ ਵਿੱਚ ਆ ਗਏ।

123