ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਹ ਹੋਰ ਭਾਸ਼ਾਵਾਂ ਦਾ ਮੁਕਾਬਲਾ ਤਾਂ ਹੀ ਕਰ ਸਕੇਗੀ ਜੇ ਇਸਨੂੰ ਬੋਲਣ ਵਾਲੇ ਲੋਕ ਬਾਕੀ ਸੰਸਾਰ ਦੇ ਲੋਕਾਂ ਨਾਲ ਮੁਕਾਬਲੇ ਵਿੱਚ ਰਹਿ ਸਕਣਗੇ। ਅੱਜ ਕੱਲ ਪੰਜਾਬੀ ਭਾਸ਼ਾ ਸਬੰਧੀ ਜੋ ਰੌਲਾ ਪੈ ਰਿਹਾ ਹੈ ਇਹ ਸੰਤੁਲਿਤ ਨਹੀਂ ਹੈ। ਕਿਤੇ ਇਹ ਵਿਗੜਦਾ ਵਿਗੜਦਾ ਰਾਜ ਠਾਕਰੇ ਦੇ ਮਰਾਠੀ ਪ੍ਰੇਮ ਵਰਗਾ ਨਾ ਹੋ ਜਾਵੇ। ਅਸਲ ਸਥਿਤੀ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖ ਨੂੰ ਦੋ ਭਾਸ਼ਾਈ ਹੋਣਾ ਪਵੇਗਾ ਇੱਕ ਮਾਤ ਭਾਸ਼ਾ ਅਤੇ ਇੱਕ ਗਲੋਬਲ ਭਾਸ਼ਾ। ਉਹ ਇਹਨਾਂ ਦੋਹਨਾਂ ਨੂੰ ਹੀ ਵਰਤੇਗਾ। ਆਉਂਦੇ ਸਮੇਂ ਵਿੱਚ ਭਾਸ਼ਾਵਾਂ ਦੀ ਠੇਠਤਾ ਵੀ ਕਾਇਮ ਨਹੀਂ ਰਹਿਣੀ ਕਿਉਂਕਿ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੀ ਤਰੱਕੀ ਨਾਲ ਜਿਵੇਂ ਸਾਰੀ ਦੁਨੀਆਂ ਦੇ ਲੋਕਾਂ ਵਿੱਚ ਆਪਸੀ ਸੰਪਰਕ ਵਧ ਰਹੇ ਹਨ, ਭਾਸ਼ਾਵਾਂ ਆਪਸ ਵਿੱਚ ਘੁਲਮਿਲ ਰਹੀਆਂ ਹਨ ਜਿਵੇਂ ਪੰਜਾਬ ਦੀ ਜਨਾਨੀ ਹੁਣ ‘ਮਹਿਲਾ’ ਹੋ ਗਈ ਹੈ, ਬੱਚਾ 'ਬੇਬੀ' ਹੋ ਗਿਆ ਹੈ, ਹਿੰਦੀ ਫਿਲਮੀ ਗਾਣਿਆਂ ਵਿੱਚ ਲੜਕੀ ਸੁੰਦਰ ਤੋਂ 'ਸੋਹਣੀ' ਹੋ ਗਈ ਹੈ।

ਜਿਥੋਂ ਤੱਕ ਪੰਜਾਬੀ ਦਾ ਸਵਾਲ ਹੈ ਇਹ ਖਤਮ ਨਹੀਂ ਹੋ ਰਹੀ। ਭਾਸ਼ਾ ਦੀ ਤਕੜਾਈ ਜਾਂ ਕਮਜੋਰੀ ਪਿੱਛੇ ਆਰਥਿਕਤਾ ਦਾ ਵੱਡਾ ਰੋਲ ਹੁੰਦਾ ਹੈ। ਪੰਜਾਬ ਆਰਥਿਕ ਤੌਰ 'ਤੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਅੱਗੇ ਹੈ। ਦਿੱਲੀ, ਬੰਬਈ ਵਰਗੇ ਕੁਝ ਮਹਾਂਨਗਰੀ ਕੇਂਦਰਾਂ ਨੂੰ ਛੱਡ ਕੇ ਇਥੋਂ ਦੀ ਪ੍ਰਤੀ ਵਿਅਕਤੀ ਆਮਦਨੀ ਸਭ ਤੋਂ ਵੱਧ ਹੈ। ਆਰਥਿਕ ਖੜੋਤ ਦੇ ਇਸ ਦੌਰ ਵਿੱਚ ਵੀ ਵਹੀਕਲਾਂ ਅਤੇ ਘਰੇਲੂ ਵਰਤੋਂ ਦੀ ਮਸ਼ੀਨਰੀ ਤੋਂ ਲੈ ਕੇ ਵਿਸਕੀ ਤੱਕ ਦੀ ਖਪਤ ਦੀ ਇਹ ਤਕੜੀ ਮੰਡੀ ਹੈ। ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਵਸਦੇ ਪੰਜਾਬੀ ਵੀ ਉਥੇ ਆਰਥਿਕ ਤੌਰ 'ਤੇ ਮਜਬੂਤ ਸਥਿਤੀ ਵਿੱਚ ਹਨ।

102