ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਦੂਰ, ਹਾਂ.......ਬਹੁਤ ਦੂਰ ਚਲੀ ਗਈ ਸੀ। ਆਖ਼ਿਰ ਉਠ ਕੇ ਕੁਰਸੀ ਤੇ ਬੈਠ ਗਈ। ਬਾਰੀ ਵਿਚ ਆਕਾਸ਼ ਵਲ ਦੇਖਾਂ ਤੇ ਸੋਚਾਂ, ਏਸ ਤਾਰਿਆਂ ਦੀ ਦੁਨੀਆਂ ਵਿਚ ਕੀ ਹੈ, ਜਿਹੜੀ ਮੈਨੂੰ ਆਪਣੇ ਵਲ ਖਿਚੀ ਜਾਂਦੀ ਹੈ; ਜਿਸ ਨੂੰ ਦੇਖ ਕੇ ਕਦੀ ਖ਼ੁਸ਼ੀ ਨਾਲ ਦਿਲ ਉਛਲਦਾ ਹੈ, ਤੇ ਕਦੀ ਗ਼ਮੀ, ਨਾਲ ਝਗ ਦੀ ਤਰ੍ਹਾਂ ਬੈਠ ਜਾਂਦਾ ਹੈ।

ਇਸ ਦਾ ਕਾਰਨ ਬੜਾ ਮਾਮੂਲੀ ਹੈ, ਇਹੋ ਕਿ ਵੀਰ ਜੀ ਇਕ ਹਫ਼ਤੇ ਲਈ ਮੁਲਤਾਨ ਜਾ ਰਹੇ ਨੇ ਜਿਸ ਕਰ ਕੇ ਹੁਣ ਇਕ ਹਫ਼ਤਾ ਤੁਸੀ ਸਾਡੇ ਘਰ ਨਾ ਆ ਸਕੋਗੇ। ਭਾਵੇਂ ਅਗੇ ਨੇੜੇ ਨਹੀਂ ਸਾਂ ਹੁੰਦੀ, ਪਰ ਦਿਲ ਨੂੰ ਤਸੱਲੀ ਤੇ ਸੀ ਕਿ ਤੁਸੀ ਰਾਜ਼ੀ ਖ਼ੁਸ਼ੀ ਰਹਿੰਦੇ ਹੋ।

ਲੋਕੀ ਠੀਕ ਕਹਿੰਦੇ ਨੇ ਕਿ 'ਨੀਂਦ' ਤੇ 'ਪਿਆਰ' ਨੂੰ ਜਿੰਨੀ ਸ਼ੈਹ ਦਿਤੀ ਜਾਏ, ਇਹ ਵਧਦੇ ਜਾਂਦੇ ਨੇ।

ਮੈਂ ਥੋੜਾ ਬਹੁਤ ਸਮਝ ਲਿਆ ਹੈ, ਕਿ ਸੱਚੀ ਕਸ਼ਸ਼ ਉਹ ਹੈ, ਜਿਹੜੀ ਸਦਾ ਪੂਰੇ ਹੋਣ ਦੀ ਭਾਲ ਵਿਚ ਰਹੇ। ਤੇ ਸੱਚਾ ਪਿਆਰ ਉਹ ਹੈ ਜਿਹੜਾ ਪਿਆਰ ਦੇ ਮਤਲਬ ਲਈ ਸਦਾ ਖਿਚੋ -ਤਾਨੀ ਕਰਦਾ ਰਹੇ, ਤੇ ਇਸ ਖਿਚੋ -ਤਾਨੀ ਵਿਚੋਂ ਅਤਿ ਅਨੰਤ ਖ਼ੁਸ਼ੀ ਮਹਿਸੂਸ ਕਰੇ।

ਦੇਵਿੰਦਰ ਜੀ, ਅਜ ਚਾਂਦਨੀ ਰਾਤ ਹੈ, ਕਿੰਨੀ ਪਿਆਰੀ ਤੇ ਠੰਢੀ ਹੈ। ਕਿੰਨੀ ਨਿੰਮ੍ਰਤਾ ਤੇ ਮਿਠਾਸ ਹੈ ਇਸ ਵਿਚ। ਪਿਆਰ ਵਿਚ ਇਹੋ ਜਹੀਆਂ ਰਾਤਾਂ ਦੀ ਕਿੰਨੀ ਕਦਰ ਵਧ ਸਕਦੀ ਹੈ।

ਤੁਹਾਡੇ ਪਿਆਰ ਨੇ ਮੇਰੀ ਜ਼ਿੰਦਗੀ ਨੂੰ ਕੀਮਤੀ ਬਣਾ ਦਿਤਾ ਹੈ। ਮੇਰਾ ਹਰ ਹੰਝੂ ਮੋਤੀ ਬਣ ਗਿਆ ਹੈ, ਮੇਰੀ ਹਰ ਆਹ ਖੁਸ਼ਬੋ ਬਣ ਗਈ ਹੈ।

ਮੇਰੀ ਇਹ ਇੱਛਾ ਹੈ; ਕਿ ਜੋ ਕੁਝ ਮੈਂ ਤੁਹਾਨੂੰ ਦਿੱਤਾ ਹੈ, ਉਹ ਤੁਹਾਡਾ ਹੀ ਰਹੇ। ਇਸੇ ਤਰ੍ਹਾਂ ਹੀ ਤੁਹਾਡੇ ਨਾਲ ਪਿਆਰ ਕਰੀ ਜਾਵਾਂ, ਭਾਵੇਂ ਇਸ ਪਿਆਰ ਉਤੇ ਮੁਸੀਬਤਾਂ ਦੇ ਪਹਾੜ ਨਾ ਟੁੱਟ ਪੈਣ। ਮੈਂ ਮਹਿਸੂਸ ਕਰਦੀ ਹਾਂ, ਕਿ ਜਲਦੀ ਹੀ ਅਸੀਂ ਬਹੁਤਿਆਂ ਨੂੰ ਆਪਣੇ ਪਿਆਰੇ ਵਿਚ

੩੩