ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਭਰੇ ਅਸਰ ਤੋਂ ਬਿਲਕੁਲ ਅਨਜਾਣ ਸਾਂ। ਅਜ ਮੈਨੂੰ ਪਤਾ ਲਗਾ ਹੈ, ਕਿ ਪ੍ਰਸੰਸਾ ਦੇ ਥੋੜੇ ਹੀ ਸ਼ਬਦ ਕਿਸੇ ਨੂੰ ਆਪਣਾ ਬਣਾ ਸਕਦੇ ਹਨ।

ਤੁਹਾਡੀ ਸਿਆਣਪ ਤੇ ਵਡਿਆਈ ਦਾ ਮੈਨੂੰ ਜਿਉਂ ਜਿਉਂ ਪਤਾ ਲਗਦਾ ਜਾ ਰਿਹਾ ਹੈ, ਤਿਉਂ ਤਿਉਂ ਮੈਂ ਆਪਣੇ ਆਪ ਨੂੰ ਖ਼ੁਸ਼-ਨਸੀਬ ਸਮਝਦੀ ਜਾ ਰਹੀ ਹਾਂ।

ਵੀਰ ਜੀ ਦੇ ਕਮਰੇ ਵਿਚ ਬੈਠੇ ਜਦੋਂ ਤੁਸੀ ਉਸ ਦਿਨ ਗਾ ਰਹੇ ਸਓ ਹੌਲੀ ਹੌਲੀ, "ਪੀਆ ਮਿਲਨ ਕੋ ਜਾਨਾ.....।" ਮੈਂ ਕੰਧ ਦੇ ਨਾਲ ਕੰਨ ਲਾ ਕੇ ਤੁਹਾਡਾ ਰਾਗ ਸੁਣਦੀ ਰਹੀ। ਕਿੰਨੀ ਚੰਗੀ ਤੇ ਮਿੱਠੀ ਹੈ ਤੁਹਾਡੀ ਆਵਾਜ਼।

ਗੱਲ ਸੁਣੋ, ਵੀਰ ਜੀ ਨੂੰ ਕਿਸੇ ਕਿਸਮ ਦਾ ਸ਼ਕ ਤੇ ਨਹੀਂ ਨਾ ਪਿਆ? ਨਹੀਂ ਤੇ ਮੈਂ ਮਾਰੀ ਜਾਵਾਂਗੀ। ਬਿਮਲਾ ਨੂੰ ਕੁਝ ਸ਼ਕ ਪੈ ਗਿਆ ਹੈ। ਜਦੋਂ ਮੈਂ ਤੁਹਾਡਾ ਖ਼ਤ ਪੜ੍ਹ ਰਹੀ ਸੀ, ਤਾਂ ਉਹ ਅਚਾਨਕ ਮੇਰੇ ਕਮਰੇ ਵਿਚ ਆ ਗਈ। ਮੈਂ ਝਟ ਤੁਹਾਡਾ ਖਤ ਸਰ੍ਹਾਣੇ ਹੇਠਾਂ ਲੁਕਾ ਲਿਆ। ਉਸ ਨੇ ਫਿਰ ਵੀ ਪੁਛ ਹੀ ਲਿਆ, “ਭੈਣ ਜੀ ਕੀ ਪੜ੍ਹਦੇ ਓ?" ਮੈਂ ਕਿਹਾ, "ਸ਼ਕੁੰਤਲਾ ਦਾ ਖ਼ਤ ਆਇਆ ਸੀ" ਪਰ ਮੇਰਾ ਖ਼ਿਆਲ ਨਹੀਂ, ਮੇਰੀ ਹਰਕਤ ਤੋਂ ਉਸ ਨੇ ਇਸ ਗਲ ਨੂੰ ਮੰਨਿਆਂ ਹੋਵੇ। ਭਾਵੇਂ ਪੜ੍ਹਦੀ ਤੇ ਉਹ ਅਠਵੀਂ ਵਿਚ ਹੈ, ਪਰ ਬੜੀ ਚਾਲਾਕ ਏ। ਦੇਵਿੰਦਰ ਜੀ ਡਰ ਲੱਗਾ ਰਹਿੰਦਾ ਏ, ਕਿ ਬਿਮਲਾ ਕਿਸੇ ਨੂੰ ਕੋਈ ਗਲ ਨਾ ਦਸ ਦਏ। ਕਿੰਨਾ ਸਹਿਮ ਹੈ - ਦੁਨੀਆ ਪਿਆਰ ਕਰਨ ਨੂੰ ਕੂਕਦੀ ਹੈ - ਆਪਸ ਵਿਚ ਮੇਲ ਜੋਲ ਰਖਣ ਦੇ ਪ੍ਰਚਾਰ ਕੀਤੇ ਜਾਂਦੇ ਹਨ, ਕਿਤਾਬਾਂ ਲਿਖੀਆਂ ਜਾਂਦੀਆਂ ਹਨ, ਅਖਬਾਰਾਂ ਤੇ ਰਿਸਾਲਿਆਂ ਵਿਚ ਆਰਟੀਕਲ ਨਿਕਲਦੇ ਹਨ - ਪਰ ਜਦ ਇਹ opposite sex ਵਿਚ ਖ਼ਾਸ ਕਰਕੇ ਨੌਜਵਾਨਾਂ ਵਿਚ ਹੋਵੇ, ਤਾਂ ਇਸ ਨੂੰ ਸਹਾਰਨਾ ਤੇ ਕਿਤੇ ਰਿਹਾ - ਕੋਸਿਆ ਜਾਂਦਾ ਹੈ।

ਪਰ ਫਿਰ ਵੀ ਮੈਂ ਲੜਕੀ ਹਾਂ, ਅਨਜਾਣ ਤੇ ਬੇ-ਸਮਝ ਹਾਂ। ਸੋ ਪਿਆਰ ਦੇ ਘੋੜੇ ਤੇ ਮੈਨੂੰ ਕੱਲੀ ਨੂੰ ਚੜ੍ਹਾ ਕੇ ਚਾਬੁਕ ਮਾਰ ਕੇ ਨਾ ਛਡ ਦੇਣਾ।

੨੩