ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਕੀ ਹੋਇਆ?

ਇਸ ਦਾ ਤੇ ਤੁਹਾਨੂੰ ਹੁਣ ਯਕੀਨ ਹੋ ਗਿਆ ਹੋਵੇਗਾ, ਕਿ ਮੇਰੇ ਦਿਲ ਵਿਚ ਤੁਹਾਡੇ ਲਈ ਪਿਆਰ ਹੈ। ਤੁਹਾਡੇ ਪਿਆਰ ਦੀ ਕਦਰ ਹੈ। ਕੱਚੀ ਤਰ੍ਹਾਂ ਨਹੀਂ, ਬੜੀ ਪੱਕੀ ਤਰ੍ਹਾਂ। ਦਿਲ ਕਰਦਾ ਹੈ, ਦਿਲ ਖੋਲ੍ਹ ਕੇ ਰੱਖ ਦਿਆਂ, ਪਰ ਡਰਦੀ ਹਾਂ, ਕੋਈ ਇਹੋ ਜਿਹੀ ਗੱਲ ਨਾ ਹੋ ਜਾਵੇ, ਜਿਸ ਨਾਲ ਜ਼ੁਲਮ ਦਾ ਸ਼ਿਕਾਰ ਹੋ ਜਾਈਏ। ਦਿਲ ਦੀ ਧੜਕਣ ਨੂੰ ਘੁਟ ਕੇ ਰਖਣਾ ਚਾਹੁੰਦੀ ਹਾਂ। ਪਿਆਰ ਦੇ ਤੁਫ਼ਾਨ ਅੱਗੇ ਬੰਨ੍ਹ ਬੰਨ੍ਹਦੀ ਰਹਿੰਦੀ ਹਾਂ। ਕਦੀ ਕਦੀ ਤੇ ਏਨੀ ਬੇ-ਕਰਾਰ ਹੋ ਜਾਂਦੀ ਹਾਂ, ਤੇ ਤੁਹਾਨੂੰ ਦੇਖਣ ਤੇ ਏਨਾ ਜੀ ਕਰਦਾ ਹੈ ਕਿ ਦਿਲ ਆਪਣੇ ਆਪ ਵਿਚ ਕਾਬੂ ਨਹੀਂ ਰਹਿੰਦਾ। ਤੁਹਾਡੇ ਲਈ ਹਮਦਰਦੀ ਦਾ ਜਜ਼ਬਾ ਵਧਦਾ ਜਾ ਰਿਹਾ ਹੈ, ਤੇ ਕਈ ਵਾਰੀ ਹਦ ਤੋਂ ਵੀ ਟਪ ਜਾਂਦਾ ਹੈ। ਦੇਵਿੰਦਰ, ਮੈਂ ਸੱਚ ਮੁਚ ਤੁਹਾਡੀ ਅਸਲੀ ਹਮਦਰਦ ਹੋਣਾ ਚਾਹੁੰਦੀ ਹਾਂ, ਪਰ ਇਸ ਦੁਨੀਆ ਦੀਆਂ ਖ਼ੂਨੀ ਅੱਖਾਂ ਕੌਣ ਬੰਦ ਕਰੇਗਾ? ਸਮਾਜ ਦੀ ਬੇ-ਲਗਾਮ ਜ਼ਬਾਨ ਨੂੰ ਕੌਣ ਰੋਕੇਗਾ? ਇਸ ਬੇ-ਤਰਸ ਸੁਸਾਇਟੀ ਨੇ ਤੇ ਗਲਾ ਘੁਟ ਕੇ ਮਾਰ ਦੇਣਾ ਹੈ।

ਮੇਰੇ ਦਿਲ ਵਿਚ ਹੁਣ ਹੋਰ ਕੁਝ ਲਿਖਣ ਦੀ ਖ਼ਾਹਿਸ਼ ਨਹੀਂ। ਅੱਖਾਂ ਕਦੀ ਕਦੀ ਤੁਹਾਨੂੰ ਲਭਦੀਆਂ ਰਹਿੰਦੀਆਂ ਹਨ। ਕੀ ਇਹ ਕਦੀ ਤੁਹਾਨੂੰ ਨੇੜੇ ਹੋ ਕੇ ਦੇਖਣ ਦੀ ਖ਼ੁਸ਼ੀ ਨਹੀਂ ਲੈ ਸਕਣਗੀਆਂ?

ਬੇਚੈਨ............

੧੮