ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹੈ ਕਿ ਇਸ ਦੁਨੀਆਂ ਵਿਚ ਕਈ ਇਹੋ ਜਿਹੇ ਪਾਗ਼ਲ ਦਿਲਾਂ ਦੇ ਮਾਲਕ ਹਨ।

ਮੈਨੂੰ ਹੁਣ ਪਤਾ ਲਗਾ ਹੈ ਕਿ ਮੇਰੇ ਵਰਗੀਆਂ ਲੜਕੀਆਂ ਤੇ ਇਸਤ੍ਰੀਆਂ ਨੂੰ ਕੀ ਕੁਝ ਸਹਾਰਨਾ ਪੈਂਦਾ ਹੈ। ਉਸ ਬੇ-ਬੋਲੀ ਮਾਯੂਸੀ ਦਾ ਭਾਰ ਜਿਹੜੀਆਂ ਉਹ ਸਹਾਰਦੀਆਂ ਹਨ - ਕਿੰਨਾ ਡੂੰਘਾ ਹੁੰਦਾ ਹੈ ਉਨ੍ਹਾਂ ਦਾ ਸਬਰ। ਇਹੋ ਜਿਹੀਆਂ ਲੜਕੀਆਂ ਦਾ ਪਿਆਰ ਤੇ ਖਿਮਾ - ਉਨ੍ਹਾਂ ਆਦਮੀਆਂ ਲਈ ਜਿਹੜੇ ਬੇ-ਗੁਨਾਹ ਔਰਤਾਂ ਦਾ ਖੂਨ ਹੀ ਕਰਨਾ ਜਾਣਦੇ ਨੇ -ਇਕ ਮੁਅਜ਼ਜ਼ੇ ਤੋਂ ਘਟ ਨਹੀਂ।

ਉਹ ਫ਼ਰਿਸ਼ਤੇ ਨਹੀਂ ਬਣਨੀਆਂ ਚਾਹੁੰਦੀਆਂ ਪਰ ਫਿਰ ਵੀ ਕਈਆਂ ਵਿਚ ਫ਼ਰਿਸ਼ਤੇ-ਪਨ ਦੀ ਝਲਕ ਪਰਤੱਖ ਦਿਸਣ ਲਗ ਪੈਂਦੀ ਹੈ। ਬੇ-ਸ਼ਕ, ਕਈਆਂ ਵਿਚ ਬਦਲੇ ਲੈਣ ਦਾ ਵੀ ਫ਼ਤੁਰ ਜਾਗ ਪੈਂਦਾ ਹੈ, ਪਰ ਇਹੋ ਜਿਹੀਆਂ ਬਹੁਤੀਆਂ ਨਹੀਂ ਹੁੰਦੀਆਂ।

ਮੈਂ ਹੁਣ ਆਪਣੇ ਆਪ ਨੂੰ ਇਕ ਆਜ਼ਾਦ ਪੰਛੀ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ, ਤੇ ਮੇਰਾ ਸਾਰਾ ਜਿਸਮ ਇਕ ਅਨੋਖੀ ਖੁਸ਼ੀ ਮਹਿਸੂਸ ਕਰ ਰਿਹਾ ਹੈ।

ਕਦੀ ਮੈਨੂੰ ਸਤਾਰੇ ਆਪਣੇ ਵਲ ਜਕੜ ਲੈਂਦੇ ਸਨ; ਕਦੀ ਚੰਦ ਦੀ ਸੁੰਦਰਤਾ ਕੈਦ ਕਰ ਲੈਂਦੀ; ਕਦੀ ਕੋਇਲ ਆਪਣੇ ਵਲ ਖਿਚ ਕੇ ਰੁਆ ਲੈਂਦੀ ਸੀ, ਤੇ ਕਦੀ ਡਾਕੀਆ ਉਡੀਕ ਦੀ ਕੈਦ ਦੀ ਸਜ਼ਾ ਦੇ ਦੇਂਦਾ ਸੀ। ਪਰ ਹੁਣ ਮੇਰੇ ਲਈ ਸਾਰੀ ਦੁਨੀਆ ਬਦਲ ਗਈ ਦਿਸਦੀ ਹੈ। ਸਾਰੇ ਹੀ ਚੰਗੇ ਲਗਣ ਲਗ ਪਏ ਹਨ। ਉਨ੍ਹਾਂ ਵਿਚੋਂ ਤੁਸੀੰ ਵੀ ਓਨੇ ਹੀ ਪਿਆਰੇ ਲਗਦੇ ਓ। ਬੇ-ਸ਼ਕ ਤੁਹਾਡਾ ਦਿਲ ਮੋਰੇ ਵਲੋਂ ਮੁੜ ਚੁਕਾ ਹੈ, ਤੁਹਾਡੀਆਂ ਅੱਖਾਂ ਮੇਰੇ ਵਲੋਂ ਫਿਰ ਚੁਕੀਆਂ ਨੇ, ਪਰ ਹੁਣ ਮੈਂ ਤੁਹਾਡਾ ਹੋਰ ਹੀ ਤੱਸਵਰ ਬਣਾ ਲਿਆ ਹੈ - ਬੜਾ ਚੰਗਾ। ਹੁਣ ਮੈਨੂੰ ਤੁਹਾਡੇ ਤੇ ਕੋਈ ਗਿਲਾ ਨਹੀਂ ਹੋਵੇਗਾ, ਕੋਈ ਰੋਸ ਨਹੀਂ।

ਮੇਰੇ ਰਸਤੇ ਵਿਚ, ਮੈਨੂੰ ਦਿਸ ਰਿਹਾ ਹੈ, ਕਿ ਕਾਫ਼ੀ ਕੱਸ਼ਸ਼ਾਂ ਨੇ -

੧੯੮