ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੧

.............................

ਅਜ ਵੀਰ ਜੀ ਨਾਲ ਪੌੜੀਆਂ ਚੜ੍ਹਦਿਆਂ, ਮੈਨੂੰ ਹੇਠਾਂ ਉਤਰਦੀ ਨੂੰ ਤੁਸਾਂ ਜਿਸ ਨਜ਼ਰ ਨਾਲ ਦੇਖਿਆ, ਉਸ ਮੇਰੇ ਦਿਲ ਨੂੰ ਕੁਝ ਹਿਲਾ ਜਿਹਾ ਦਿੱਤਾ ਸੀ। ਮੈਂ ਤੁਹਾਨੂੰ ਦੇਖਦਿਆਂ ਹੀ ਅੱਖਾਂ ਨੀਵੀਆਂ ਪਾ ਕੇ ਝਟ ਧੜਕਦੇ ਦਿਲ ਨਾਲ ਪੌੜੀਆਂ ਉਤਰ ਕੇ ਆਪਣੀ ਸਹੇਲੀ ਵਲ ਚਲੀ ਗਈ ਸਾਂ। ਉਥੇ ਵੀ ਮੇਰੇ ਦਿਲ ਨੂੰ ਕੁਝ ਬੇਚੈਨੀ ਜਿਹੀ ਲਗੀ ਰਹੀ। ਉਸ ਦੀਆਂ ਗੱਲਾਂ ਮੈਂ ਬੜੀ ਬੇ-ਦਿਲੀ ਜਿਹੀ ਨਾਲ ਸੁਣਦੀ ਸਾਂ। ਕਿਸੇ ਗੱਲ ਦਾ ਵੀ ਪੂਰਾ ਮਤਲਬ ਸਮਝ ਨਹੀਂ ਸੀ ਆਉਂਦਾ। ਆਖ਼ਿਰ ਮੈਂ ਬਹਾਨਾ ਬਣਾ ਕੇ ਘਰ ਵਾਪਸ ਆ ਗਈ ਤੇ ਸਿੱਧੀ ਆਪਣੇ ਕਮਰੇ ਵਿਚ ਚਲੀ ਗਈ। ਮੇਰੇ ਕੋਲੋਂ ਬਹੁਤਾ ਚਿਰ ਖਲੋਤਾ ਨਾ ਗਿਆ। ਮੰਜੇ ਤੇ ਲੇਟ ਗਈ। ਜਦ ਸਰ੍ਹਾਣੇ ਹੇਠੋਂ ਦੀ ਬਾਂਹ ਕੱਢੀ ਤਾਂ ਹਥ ਨੂੰ ਕਿਸੇ ਕਾਗ਼ਜ਼ ਦੇ ਪੁਰਜ਼ੇ ਦੀ ਰਗੜ ਮਹਿਸੂਸ ਹੋਈ। ਕਾਗਜ਼ ਫੜਿਆ, ਖੋਲ੍ਹਿਆ ਤੇ ਪੜ੍ਹਦਿਆਂ ਸਾਰ ਮੱਥੇ ਤੇ ਤ੍ਰੇਲੀਆਂ ਉਤਰ ਆਈਆਂ। ਦਿਲ ਦੀ ਧੜਕਣ ਵਧਣੀ ਸ਼ੁਰੂ ਹੋ ਗਈ। ਕਦੀ ਅੱਖਾਂ ਬੰਦ ਕਰਾਂ, ਕਦੀ ਖੋਲ੍ਹਾਂ। ਖ਼ਤ ਖ਼ਤਮ ਹੋ ਜਾਏ ਤੇ ਫੇਰ ਪੜ੍ਹਨਾ ਸ਼ੁਰੂ ਕਰ ਦਿਆਂ।

ਪਰ ਕੀ ਮੈਂ ਪੁਛ ਸਕਦੀ ਹਾਂ ਕਿ ਤੁਸਾਂ ਜੋ ਇਹ ਦਲੇਰੀ ਕੀਤੀ ਹੈ, ਤੁਹਾਨੂੰ ਕੁਝ ਖ਼ਿਆਲ ਨਾ ਆਇਆ ਕਿ ਮੈਂ ਕਿਸ ਪਾਬੰਦੀਆਂ ਵਿਚ ਹਾਂ; ਕਿਨਾਂ ਬੰਦਸ਼ਾਂ ਵਿਚ ਜਕੜੀ ਹੋਈ ਹਾਂ; ਕਿੰਨੀ ਕੁ ਨਿਗਰਾਨੀ ਮੇਰੇ ਤੇ