ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਸ਼ੀ ਨੂੰ ਆਪਣੇ ਵਿਚ ਸਮਾਉਣਾ ਬੜਾ ਔਖਾ ਕੰਮ ਹੈ। ਕਿਸੇ ਨਾ ਕਿਸੇ ਨੂੰ ਇਸ ਦਾ ਭੇਦ ਦੱਸਣ ਤੇ ਦਿਲ ਭੁੜਕਦਾ ਹੀ ਰਹਿੰਦਾ ਹੈ। ਇਹੋ ਹੀ ਨਹੀਂ, ਜਦੋਂ ਵੀ ਇਸ ਪਿਆਰ ਵਿਚ ਕੋਈ ਨਵੀਂ ਗੱਲ ਹੋਵੇ, ਓਦੋਂ ਹੀ ਦਿਲ ਦੇ ਸਭ ਤੋਂ ਨੇੜੇ ਮਿੱਤਰ ਨੂੰ ਗੱਲ ਸੁਣਾਉਣ ਤੇ ਜੀ ਕਰ ਆਉਂਦਾ ਹੈ। ਜਦੋਂ ਤਕ ਗਲ ਦੱਸ ਨਹੀਂ ਲਈਦੀ ਦਿਲ ਭਾਰਾ ਜਿਹਾ ਰਹਿੰਦਾ ਹੈ। ਇਸ ਲਈ ਮੈਂ ਤੁਹਾਨੂੰ ਬਹੁਤਾ ਕਸੂਰਵਾਰ ਤੇ ਨਹੀਂ ਸਮਝਦੀ, ਪਰ ਚਾਹੁੰਦੀ ਜ਼ਰੂਰ ਹਾਂ, ਕਿ ਜਿਥੋਂ ਤਕ ਹੋ ਸਕੇ, ਇਸ ਨੂੰ ਹਾਲੀ ਆਪਣੇ ਤਕ ਹੀ ਰਖਣਾ। ਇਹ ਸਾਡੇ ਦੋਹਾਂ ਦੀ ਭਲਾਈ ਲਈ ਹੋਵੇਗਾ।

ਭਲਾ ਕਲ ਆਏ ਕਿਉਂ ਨਹੀਂ? ਮੈਂ julit ਦਾ ਕੁਝ ਪਾਰਟ ਯਾਦ ਕੀਤਾ ਸੀ; ਉਹ ਤੁਹਾਨੂੰ ਸੁਣਾਉਣਾ ਚਾਹੁੰਦੀ ਸਾਂ, ਤਾਂ ਜੋ ਤੁਸੀ ਮੈਨੂੰ ਉਸ ਬਾਬਤ ਸਲਾਹ ਦੇ ਸਕੋ। ਅਜ ਤੋਂ ਪੂਰੇ ਮਹੀਨੇ ਨੂੰ ਇਹ ਡਰਾਮਾ ਸਾਡੇ ਕਾਲਜ ਵਿਚ ਹੋਵੇਗਾ। ਦੇਖਣਾ ਉਸ ਦਿਨ ਕਿਤੇ ਬਾਹਰ ਦਾ ਪ੍ਰੋਗਰਾਮ ਨਾ ਬਣਾ ਲੈਣਾ। ਤੁਹਾਨੂੰ ਹਰ ਹਾਲਤ ਵਿਚ ਆਉਣਾ ਪਵੇਗਾ।

ਚੰਗਾ, ਅਜ ਤੇ ਆਉਗੇ ਨਾ? ਰੋਜ਼ ਉਡੀਕਾਂ ਵਿਚ ਰਖਣਾ ਠੀਕ ਨਹੀਂ ਸੋ ਜ਼ਰੂਰ ਆਉਣਾ।

ਸੁਣਾਓ, ਕਿਤਾਬ ਕਿੰਨੀ ਕੁ ਲਿਖੀ ਹੈ? ਜੇ ਹੋ ਸਕੇ ਤਾਂ ਨਾਲ ਲਈ ਆਉਣੀ। ਉਸ ਨੂੰ ਦੇਖਣ ਲਈ, ਮੇਰਾ ਜੀ ਬੜਾ ਕਰਦਾ ਹੈ।

ਮੇਰੇ ਲਿਖਾਰੀ ਪ੍ਰੀਤਮ,

ਮੈਂ ਹਾਂ,

ਤੁਹਾਡੀ...............

੯੪