ਪੰਨਾ:ਗ਼ਦਰ ਪਾਰਟੀ ਲਹਿਰ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਹੋ ਸਕੇ, ਉਨ੍ਹਾਂ ਦਾ ਨਾਲੋ ਨਾਲ ਜ਼ਿਕਰ ਕਰ ਦਿੱਤਾ ਗਿਆ ਹੈ। ਵਾਕਫ਼ੀਅਤ ਦੇ ਵਸੀਲਿਆਂ, ਜਿਨ੍ਹਾਂ ਦੀ ਖੋਜ ਲਾਭਦਾਇਕ ਹੋ ਸਕਦੀ ਹੈ, ਪਰ ਜੋ ਮਿਲ ਨਹੀਂ ਸਕੇ ਜਾਂ ਜਿਨ੍ਹਾਂ ਤਕ ਪਹੁੰਚ ਨਹੀਂ ਹੋ ਸਕੀ, ਦੀ ਵਖਰੀ ਲਿਸਟ ਦੇ ਦਿਤੀ ਗਈ ਹੈ, ਤਾਕਿ ਇਸ ਲਹਿਰ ਦੇ ਅਗੋਂ ਖੋਜ ਕਰਨ ਵਾਲੇ ਇਤਿਹਾਸਕਾਰ ਇਨ੍ਹਾਂ ਤੋਂ ਲਾਭ ਉਠਾ ਸਕਣ। ਗ਼ਦਰ ਪਾਰਟੀ ਲਹਿਰ' ਵਿਚ ਹਿੱਸਾ ਲੈਣ ਵਾਲੇ ਸਭ ਇਨਕਲਾਬੀਆਂ ਦੀਆਂ ਤਸਵੀਰਾਂ ਦੇਣੀਆਂ ਲਾਗਤ ਦੇ ਖ਼ਿਆਲ ਕਰਕੇ ਸੰਭਵ ਨਹੀਂ ਹੋ ਸਕੀਆਂ; ਅਤੇ ਜਿਨ੍ਹਾਂ ਲਹਿਰ ਵਿਚ ਉੱਘਾ ਹਿੱਸਾ ਲਿਆ, ਉਨ੍ਹਾਂ ਵਿਚੋਂ ਵੀ ਕਈਆਂ ਦੀਆਂ ਨਾ ਮਿਲਣ ਕਰਕੇ ਦਿੱਤੀਆਂ ਨਹੀਂ ਜਾ ਸਕੀਆਂ।
ਪਹਿਲੇ ਕਾਂਡ ਬਾਰੇ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਇਸ ਨੂੰ ਦੋ-ਟੁਕ ਦਿਤੀ ਗਈ ਪੁਖਤਾ ਰਾਏ ਵਾਂਗੂ ਨਹੀਂ ਸਮਝਿਆ ਜਾਣਾ ਚਾਹੀਦਾ। ਇਸ ਨੂੰ ਕੇਵਲ ਪੰਜਾਬੀ ਕਿਸਾਨ ਦੇ ਸੁਭਾਉ ਅਤੇ ਪ੍ਰਕਿਰਤੀ, ਜਿਸ ਨੇ 'ਗ਼ਦਰ ਪਾਰਟੀ ਲਹਿਰ' ਨੂੰ ਕੁਝ ਹੱਦ ਤਕ ਆਪਣੀ ਰੰਗਤ ਦਿਤੀ, ਸਮਝਣ ਹਿੱਤ ਇਕ ਸਹਾਇਕ ਦ੍ਰਿਸ਼ਟੀਕੋਨ ਸਮਝਣਾ ਚਾਹੀਦਾ ਹੈ।
ਮਜ਼ਮੂਨ ਇਹ ਮੰਗ ਕਰਦਾ ਸੀ ਕਿ ਭਾਵਾਂ ਨੂੰ ਤੋਲ ਕੇ ਪ੍ਰਗਟਾਉਣ ਵਾਲੇ ਢੁਕਵੇਂ ਸ਼ਬਦ ਵਰਤੇ ਜਾਣ। ਪਰ ਇਸ ਵਿਚ ਪੂਰੀ ਸਫ਼ਲਤਾ ਨਹੀਂ ਹੋ ਸਕੀ; ਕੁਝ ਲਿਖਾਰੀ ਦੀ ਆਪਣੀ ਊਣਤਾਈ ਕਰਕੇ ਅਤੇ ਕੁਝ ਭਾਵਾਂ ਦੀਆਂ ਬਰੀਕੀਆਂ ਨੂੰ ਨਿਖੇੜ ਕੇ ਜ਼ਾਹਰ ਕਰਨ ਵਾਲੇ ਪੰਜਾਬੀ ਸ਼ਬਦਾਂ ਦੀ ਥੁੜ ਕਰਕੇ। ਇਸੇ ਕਰਕੇ ਕਈ ਜ਼ਰੂਰੀ ਥਾਈਂ ਪੰਜਾਬੀ ਸ਼ਬਦਾਂ ਦੇ ਭਾਵਾਂ ਨੂੰ ਨਿਖਾਰਨ ਅਤੇ ਕੀਲਣ ਹਿਤ ਉਨ੍ਹਾਂ ਦੇ ਤੁਲ ਦੇ ਅੰਗਰੇਜ਼ੀ ਦੇ ਸ਼ਬਦ ਬਰੈਕਟਾਂ ਵਿਚ ਦਿਤੇ ਗਏ ਹਨ। ਛਪਾਈ ਦੀਆਂ ਗ਼ਲਤੀਆਂ (ਜੋ ਕਾਫ਼ੀ ਧਿਆਨ ਦੇਣ ਦੇ ਬਾਵਜੂਦ ਰਹਿ ਗਈਆਂ ਹਨ) ਤੋਂ ਇਲਾਵਾ, ਸ਼ਬਦ-ਜੋੜਾਂ ਵਿਚ ਇਸ ਕਰਕੇ ਫ਼ਰਕ ਰਹਿ ਗਏ ਹਨ ਕਿ ਇਨ੍ਹਾਂ ਬਾਰੇ ਸਰਬ-ਪਰਵਾਣ ਕਸਵੱਟੀ (Authority) ਨਹੀਂ ਮਿਲ ਸਕੀ। ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਆਮ ਵਰਤੋਂ ਵਿਚ ਆ ਗਏ ਸ਼ਬਦਾਂ ਨੂੰ ਇਸ ਵਾਸਤੇ ਵਰਤਣੋਂ ਸੰਕੋਚ ਨਹੀਂ ਕੀਤੀ ਗਈ ਕਿ ਬੋਲੀ ਦੇ ਵਿਕਾਸ ਵਿਚ ਤਰਕ ਅਤੇ ਤੰਗਦਿਲੀ ਨੂੰ ਥਾਂ ਨਹੀਂ ਹੋਣੀ ਚਾਹੀਦੀ, ਅਤੇ ਇਸ ਦੇ ਵਿਰਸੇ ਨੂੰ ਆਰਜ਼ੀ ਰਾਜਸੀ ਰੰਜਸ਼ਾਂ ਬਦਲੇ ਕੁਰਬਾਨ ਨਹੀਂ ਕੀਤੇ ਜਾਣਾ ਚਾਹੀਦਾ। ਕਈ ਵਿਅਕਤੀਆਂ ਦੇ ਨਾਵਾਂ ਨੂੰ ਨਿਖੇੜਨ ਖ਼ਾਤਰ ਉਨ੍ਹਾਂ ਦੇ ਅਗੇ ਜਾਂ ਪਿਛੇ ਪੁੱਠੇ ਕਾਮਿਆਂ ਵਿਚ ਉਨ੍ਹਾਂ ਦੀ ਅੱਲ ਜਾਂ ਪਿੰਡ ਦਾ ਨਾਮ ਲਿਖ ਦਿਤਾ ਗਿਆ ਹੈ ।
ਇਸ ਲਿਖਤ ਸੰਬੰਧੀ ਮਸਾਲਾ ਇਕੱਠਾ ਕਰਨ ਵਿਚ ਜਿਨ੍ਹਾਂ ਸਜਣਾਂ ਮਿੱਤਰਾਂ ਨੇ ਮਦਦ ਕੀਤੀ, ਉਨਾਂ ਦਾ ਲਿਖਾਰੀ ਦਿਲੋਂ ਧੰਨਵਾਦੀ ਹੈ। ਸ਼੍ਰੀ ਅਚਿੰਤ ਰਾਮ, ਐਮ. ਪੀ., ਨੇ ਨੈਸ਼ਨਲ ਆਰਕਾਈਵਜ਼ (National Archives), ਨਵੀਂ ਦਿੱਲੀ, ਵਿਚੋਂ 'ਗ਼ਦਰ ਪਾਰਟੀ ਲਹਿਰ' ਨਾਲ ਸੰਬੰਧਤ ਕਈ ਮੁਕੱਦਮਿਆਂ ਦੇ ਰਿਕਾਰਡ ਵੇਖਣ ਦੀ ਆਗਿਆ ਲੈਣ ਵਿਚ ਸਹਾਇਤਾ ਕੀਤੀ। ਸ਼੍ਰੀ ਸੁਰਿੰਦਰ ਮੋਹਨ ਘੋਸ਼, ਐਮ. ਪੀ., (Board for the History of Freedom Movement in India ਦੇ ਸਕੱਤਰ) ਨੇ ਸਾਨਫ਼ਰਾਂਸਿਸਕੋ ਕੇਸ ਦੇ ਰਿਕਾਰਡ ਦੀ ਉਨ੍ਹਾਂ ਪਾਸ ਆਈ ਨਕਲ ਵੇਖਣ ਦੀ ਆਗਿਆ ਦੇਣ ਦੀ ਕਿਰਪਾ ਕੀਤੀ; ਸ਼੍ਰੀ ਫੀਰੋਜ਼ ਚੰਦ (ਸਰਵੈਂਟਸ ਆਫ਼ ਪੀਪਲਜ਼ ਸੁਸਾਇਟੀ ਦੇ ਸਾਬਕ ਮੈਂਬਰ) ਨੇ ਇਹ ਆਗਿਆ ਲੈਣ ਵਿਚ ਸਹਾਇਤਾ ਕੀਤੀ, ਅਤੇ ਇਸ ਲਿਖਤ ਦੇ ਖਰੜੇ ਦੀ ਨਜ਼ਰਸਾਨੀ ਕਰਕੇ ਆਪਣੀ ਬਹੁਮੁੱਲੀ ਰਾਏ ਦਿਤੀ। 'ਗਿਆਨੀ' ਨਾਹਰ ਸਿੰਘ (ਜਿਨ੍ਹਾਂ ਨੂੰ ਦੂਸਰੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ) ਅਤੇ 'ਮਾਸਟਰ' ਤਾਰਾ ਸਿੰਘ ਨੇ ਕਿਰਪਾ ਕਰਕੇ ਇਸ ਲਹਿਰ ਨਾਲ ਸੰਬੰਧਤ ਉਨ੍ਹਾਂ ਪਾਸ ਪਈਆਂ ਕਈ ਸਰਕਾਰੀ ਲਿਖਤਾਂ ਵਿਖਾਈਆਂ। ਡਾਕਟਰ ਗੰਡਾ ਸਿੰਘ (ਪੈਪਸੁ ਆਰਕਾਈਵਜ਼ ਦੇ ਡਾਇਰੈਕਟਰ) ਨੇ ਆਪਣੇ ਨਿਜੀ ਪੁਸਤਕ ਭੰਡਾਰ ਵਿਚੋਂ, ਅਤੇ ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ, ਨੇ ਕਾਲਜ ਦੀ ਲਾਇਬਰੇਰੀ ਵਿਚੋਂ ਕਿਤਾਬਾਂ ਪੜ੍ਹਨ ਦੀ ਸਹੂਲਤ ਦਿੱਤੀ।


ਤਰਨ ਤਾਰਨ ।

ਜਗਜੀਤ ਸਿੰਘ

ਸਤੰਬਰ, 1955..

੧੬