ਪੰਨਾ:ਗ਼ਦਰ ਪਾਰਟੀ ਲਹਿਰ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਇਸ ਲਿਖਤ ਬਾਰੇ

ਇਹ 'ਗ਼ਦਰ ਪਾਰਟੀ ਲਹਿਰ' ਦਾ ਇਤਿਹਾਸ ਹੈ, ਗ਼ਦਰ ਪਾਰਟੀ ਦਾ ਨਹੀਂ। ਗ਼ਦਰ ਪਾਰਟੀ ਸੰਨ 1947 ਤਕ ਸਰਗਰਮ ਰਹੀ, ਪਰ 'ਗ਼ਦਰ ਪਾਰਟੀ ਲਹਿਰ' ਪਹਿਲੇ ਸੰਸਾਰ ਯੁਧ ਦੇ ਅੰਤ ਹੋਣ ਤੋਂ ਪਹਿਲੋਂ ਖ਼ਤਮ ਹੋ ਗਈ।
ਇਸ ਲਿਖਤ ਦਾ ਦਾਇਰਾ ਕੇਵਲ ਉਸ ਲਹਿਰ ਤੱਕ ਮਹਿਦੂਦ ਹੈ ਜਿਸ ਦਾ ਗ਼ਦਰ ਪਾਰਟੀ ਧੁਰਾ ਬਣੀ। 'ਗ਼ਦਰ ਪਾਰਟੀ ਲਹਿਰ' ਸਿਰਲੇਖ ਢੁਕਵਾ ਨਹੀਂ; ਕਿਉਂਕਿ ਇਹ ਲਹਿਰ ਗ਼ਦਰ ਪਾਰਟੀ ਕਾਇਮ ਹੋਣ ਤੋਂ ਪਹਿਲੋਂ ਜਾਰੀ ਸੀ, ਅਤੇ ਇਸ ਲਹਿਰ ਨੇ ਗ਼ਦਰ ਪਾਰਟੀ ਨੂੰ ਜਨਮ ਦਿਤਾ, ਨਾ ਕਿ ਗ਼ਦਰ ਪਾਰਟੀ ਨੇ ਇਸ ਨੂੰ। ਪਰ ਸੰਨ 1857 ਦੇ ਗ਼ਦਰ ਅਤੇ ਪਹਿਲੇ ਸੰਸਾਰ ਯੁਧ ਦੇ ਦੌਰਾਨ ਚੱਲੀਆਂ ਹੋਰ ਹਿੰਦੀ ਗ਼ਦਰੀ ਲਹਿਰਾਂ ਨਾਲੋਂ ਇਸ ਲਹਿਰ ਨੂੰ ਨਿਖੇੜਨ ਵਾਲਾ ਚੰਗੇਰਾ ਸਿਰਲੇਖ ਨਹੀਂ ਸੁਝਿਆ।
ਇਤਿਹਾਸ ਦਾ ਨਿਸ਼ਾਨਾ ਇਤਿਹਾਸਕ ਮਹਾਨਤਾ ਵਾਲੇ ਵਾਕਿਆਤ ਬਾਰੇ ਸਚਾਈ ਦੀ ਖੋਜ ਅਤੇ ਉਨ੍ਹਾਂ ਦੀ ਬੇਲਾਗ ਪੜਚੋਲ ਹੀ ਹੋਣਾ ਚਾਹੀਦਾ ਹੈ, ਪਰ ਇਨਕਲਾਬੀ ਅਤੇ ਗੈਰ-ਇਨਕਲਾਬੀ ਲਹਿਰਾਂ ਨੂੰ ਇਕੇ ਮਾਪ ਨਾਲ ਨਹੀਂ ਤੋਲਿਆ ਨਾਪਿਆ ਜਾ ਸਕਦਾ। ਗੁਪਤ ਭੇਦ ਹਥਿਆਰਬੰਦ ਇਨਕਲਾਬੀ ਲਹਿਰਾਂ ਦਾ ਜ਼ਰੂਰੀ ਅਤੇ ਅਹਿਮ ਅੰਗ ਹੁੰਦੇ ਹਨ, ਜੋ ਅਕਸਰ, ਉਨਾਂ ਵਿਚ ਹਿੱਸਾ ਲੈਣ ਵਾਲੇ ਇਨਕਲਾਬੀਆਂ ਦੇ ਨਾਲ ਅਲੋਪ ਹੋ ਜਾਂਦੇ ਹਨ। ਜੋ ਨਿਸ਼ਾਨੀਆਂ ਬੱਚਦੀਆਂ ਹਨ, ਉਨਾਂ ਦਾ ਅਸਲਾ ਐਸਾ ਹੁੰਦਾ ਹੈ ਕਿ ਪੂਰੇ ਇਤਿਹਾਸਕ ਸਬੂਤਾਂ ਨਾਲ ਉਹਨਾਂ ਨੂੰ ਪੇਸ਼ ਕਰਨਾ ਕਈ ਹਾਲਤਾਂ ਵਿਚ ਕਰੀਬਨ ਅਸੰਭਵ ਹੋ ਜਾਂਦਾ ਹੈ। ਦੁਸਰੇ ਬੰਨੇ ਦੇਸ਼-ਭਗਤੀ ਦੇ ਜਜ਼ਬੇ ਦੀ ਗ਼ਲਤ ਵਰਤੋਂ ਹੇਠ ਇਨਕਲਾਬੀ ਲਹਿਰਾਂ ਦੀਆਂ ਰਵਾਇਤਾਂ ਨਾਲ ਬਹੁਤੀ ਵੇਰ ਮੁਬਾਲਗਾ-ਆਮੇਜ਼ੀ ਰਲ ਜਾਂਦੀ ਹੈ। ਇਸ ਵਾਸਤੇ 'ਗਦਰ ਪਾਰਟੀ ਲਹਿਰ' ਦੇ ਵਾਕਿਆਤ ਅਤੇ ਉਨ੍ਹਾਂ ਬਾਰੇ ਵਾਕਫ਼ੀਅਤ ਦੇ ਵਸੀਲਿਆਂ ਨੂੰ ਬਹੁਤੇ ਥਾਈਂ ਹਵਾਲੇ (References) ਦੇ ਕੇ ਇਸ ਤਰ੍ਹਾਂ ਨਿਖੇੜ ਕੇ ਪੇਸ਼ ਕਰਨ ਦੀ ਕੋਸ਼ਸ਼ ਕੀਤੀ ਕੀਤੀ ਗਈ ਹੈ ਕਿ ਪਾਠਕ ਅਤੇ ਇਸ ਲਹਿਰ ਦੇ ਇਤਿਹਾਸਕਾਰ ਖੋਜੀ ਉਨਾਂ ਦੀ ਸਚਾਈ ਅਤੇ ਵਜ਼ਨ ਨੂੰ ਖ਼ੁਦ ਆਪ ਜਾਂਚ ਸੱਕਣ।
'ਗ਼ਦਰ ਪਾਰਟੀ ਲਹਿਰ' ਸੰਬੰਧੀ ਇਤਿਹਾਸਕ ਮਸਾਲਾ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ; ਪਰ ਕਈ ਐਸੇ ਵਸੀਲੇ ਹਨ, ਜਿਨ੍ਹਾਂ ਦਾ ਪਤਾ ਹੋਣ ਅਤੇ ਜਿਨ੍ਹਾਂ ਤੋਂ ਪਤਾ ਕਰਨ ਦੇ ਪੂਰੇ ਯਤਨ ਕਰਨ ਦੇ ਬਾਵਜੂਦ, ਉਨ੍ਹਾਂ ਤੱਕ ਲਿਖਾਰੀ ਦੀ ਰਸਾਈ ਨਹੀਂ ਹੋ ਸਕੀ। ਇਸ ਊਣਤਾਈ ਦੇ ਬਾਵਜੂਦ ਇਸ ਲਿਖਤ ਨੂੰ ਛਪਵਾਉਣ ਦਾ ਇਕ ਕਾਰਨ ਤਾਂ ਇਹ ਹੈ ਕਿ ਲਿਖਾਰੀ ਨੂੰ ਆਪਣੀ ਜ਼ਿੰਦਗੀ ਵਿਚ ਉਨਾਂ ਵਸੀਲਿਆਂ ਤਕ ਪਹੁੰਚ ਹੋਣ ਦੀ ਆਸ ਘੱਟ ਹੈ। ਦੁਸਰੇ 'ਗ਼ਦਰ ਪਾਰਟੀ ਲਹਿਰ ਦੇ ਮੋਟੇ ਮੋਟੇ ਪਹਿਲੂ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਸਪੱਸ਼ਟ ਹੋ ਗਏ ਜਾਪਦੇ ਹਨ। ਹੋ ਸਕਦਾ ਹੈ ਕਿ ਵਧੇਰੇ ਖੋਜ ਨਾਲ ਵਾਕਿਆਤ ਦੀ ਹੋਰ ਤਫ਼ਸੀਲ ਜਾਂ ਵਿਅਕਤੀਆਂ ਦੇ ਲਹਿਰ ਵਿਚ ਅਦਾ ਕੀਤੇ ਪਾਰਟ ਨਾਲੋਂ, ਇਸ ਲਿਖਤ ਦੇ ਨਜ਼ਰੀਏ ਦਾ ਸੰਬੰਧ ਸਮੁਚੀ ਲਹਿਰ ਦੇ ਮੁੱਖ ਅੰਗਾਂ ਨੂੰ ਪ੍ਰਗਟਾਉਣ ਅਤੇ ਉਹਨਾਂ ਦੀ ਪੜਚੋਲ ਕਰਨ ਨਾਲ ਵਧੇਰੇ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਲਹਿਰ ਸੰਬੰਧੀ ਵਾਕਫ਼ੀਅਤ ਦੇ ਹੋਰ ਵਸੀਲਿਆਂ ਦੀ ਖੋਜ, ਇਸ ਲਿਖ਼ਤ ਵਿਚ ਕਢੇ ਗਏ ਮੋਟੇ ਨਤੀਜਿਆਂ ਵਿਚੋਂ ਵੀ ਕਈਆਂ ਨੂੰ ਗ਼ਲਤ ਸਾਬਤ ਕਰੇ। ਪਰ ਜਿਵੇਂ ਇਕ ਲਹਿਰ ਦੀ ਸਮੁਚੀ ਉਸਾਰੀ ਦੇ ਮੁਕਾਬਲੇ ਕਿਸੇ ਵਡੀ ਤੋਂ ਵਡੀ ਸ਼ਖ਼ਸੀਅਤ ਦੇ ਉਸ ਵਿਚ ਪਾਏ ਹਿੱਸੇ ਨੂੰ ਬਹੁਤੀ ਤੁਲਣਾ ਨਹੀਂ ਦਿੱਤੀ ਜਾ ਸਕਦੀ, ਇਸੇ ਤਰ੍ਹਾਂ ਕਿਸੇ ਲਹਿਰ ਦੇ ਇਤਿਹਾਸ ਦੀ ਉਸਾਰੀ ਵਿਚ ਇਕ ਲੇਖਕ ਦੀ ਲਿਖਤ ਅੰਤਮ ਨਹੀਂ ਹੋ ਸਕਦੀ। ਇਤਿਹਾਸ ਦੇ ਵਿਕਾਸ ਵਿਚ ਨਵੇਂ ਤੋਂ ਨਵੇਂ ਪਹਿਲੂ ਪ੍ਰਗਟ ਹੁੰਦੇ ਰਹਿੰਦੇ ਹਨ, ਅਤੇ ਲਿਖਾਰੀ ਨੂੰ ਕਾਫ਼ੀ ਤਸੱਲੀ ਮਿਲ ਸਕੇਗੀ ਜੇ ਇਹ ਲਿਖਤ ਇਸ ਸਿਲਸਿਲੇ ਦੀ ਪੌੜੀ ਦਾ ਇਕ ਕਾਰਆਮਦ ਡੰਡਾ ਸਾਬਤ ਹੋ ਸਕੇ।
ਅਧੂਰੀ ਵਾਕਫ਼ੀਅਤ ਹੋਣ ਕਰਕੇ 'ਗਦਰ ਪਾਰਟੀ ਲਹਿਰ' ਦੇ ਇਤਿਹਾਸ ਦੇ ਜਿਹੜੇ ਪਹਿਲੂ ਸਪੱਸ਼ਟ ਨਹੀਂ

૧૫