ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੀਮ ਮਿਰਜ਼ਾ ਵੀ ਤਾਂਗੇ ਵਾਲੇ ਨੂੰ ਤਾਂਗਾ ਰੋਕਣ ਲਈ ਕਹਿੰਦੇ ਹਨ... ਏਕਤਾ ਅਤੇ ਅਖੰਡਤਾ ਦੀਆਂ ਆਵਾਜ਼ਾਂ ਨੇ ਉਨ੍ਹਾਂ ਅੰਦਰ ਫਿਰ ਹਿੰਮਤ ਭਰ ਦਿੱਤੀ ਹੈ ....ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਤੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਉਸ ਜਲੂਸ ਵਿਚ ਸ਼ਾਮਲ ਹੋਣ ਚਲੇ ਜਾਂਦੇ ਹਨ ਅਤੇ ਪਤਨੀ ਨੂੰ ਕਹਿ ਦਿੰਦੇ ਹਨ ਕਿ ਉਹ ਵਾਪਸ ਘਰ ਚਲੀ ਜਾਵੇ....ਅਸੀਂ ਪਾਕਿਸਤਾਨ ਨਹੀਂ ਜਾ ਰਹੇ।

ਏ ਕੇ ਹੰਗਲ ਇਸ ਫ਼ਿਲਮ ਵਿੱਚ ਪਾਕਿਸਤਾਨ ਤੋਂ ਆਏ ਹੋਏ ਵਪਾਰੀ ਦੀ ਭੂਮਿਕਾ ਵਿੱਚ ਹਨ ....ਉਹ ਸਿੰਧੀ ਹਨ ਅਡਵਾਨੀ ਸਾਹਿਬ ਅਤੇ ਚਾਹੁੰਦੇ ਹਨ ਕਿ ਆਗਰੇ ਵਿੱਚ ਉਨ੍ਹਾਂ ਦਾ ਕਾਰੋਬਾਰ ਹੋਰ ਵਧ ਜਾਵੇ ....ਵਪਾਰੀ ਹਨ ਪਰ ਉਨ੍ਹਾਂ ਦੇ ਦਿਲ ਵਿਚ ਜਨਮ ਭੂਮੀ ਛੱਡਣ ਦਾ ਦੁੱਖ ਹੈ।

ਵੰਡ ਦੇ ਕਾਰਨ ਉਲਝੇ ਹੋਏ ਤਾਣੇ ਵਿਚ ਕਹਾਣੀ ਦੇ ਕਿਰਦਾਰ ਘੁੱਟ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ ...ਸ਼ੰਕਾਵਾਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਹੈ ਤੇ ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ ਵੰਡ ਦੇ ਸੰਦਰਭ ਵਿਚ ਗੱਲ ਬਹੁਤ ਘੱਟ ਕੀਤੀ ਗਈ ਹੈ ...ਉਨ੍ਹਾਂ ਨੇ ਵੱਢ ਟੁੱਕ ਦਾ ਸੰਤਾਪ ਪੰਜਾਬ ਅਤੇ ਬੰਗਾਲ ਵਾਂਗੂੰ ਨਹੀਂ ਹੰਢਾਇਆ ਪਰ ਉਨ੍ਹਾਂ ਦੇ ਅੱਗੇ ਵੀ ਉਸ ਸਮੇਂ ਵੱਡਾ ਸਵਾਲ ਸੀ ਕਿ ਉਨ੍ਹਾਂ ਨੇ ਕਿੱਥੇ ਰਹਿਣਾ ਹੈ ਹਿੰਦੁਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ.... ਜਿੱਥੇ ਉਨ੍ਹਾਂ ਨੂੰ ਇਕ ਅਲੱਗ ਪਛਾਣ ਦਿੱਤੀ ਜਾਵੇਗੀ, ਮੁਹਾਜਿਰ। ਖੰਡਿਤ ਮਾਨਸਿਕਤਾ ਚ ਘਿਰ ਗਏ ਲੋਕ।

ਇਹ ਫਾਰੂਕ ਸ਼ੇਖ ਦੀ ਪਹਿਲੀ ਫ਼ਿਲਮ ਸੀ ਤੇ ਬਲਰਾਜ ਸਾਹਨੀ ਵੀ ਆਪਣੇ ਜੀਵਨ ਦੀ ਸਰਵਸ੍ਰੇਸ਼ਠ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ... ਪੂਰੀ ਫ਼ਿਲਮ ਹੀ ਉਨ੍ਹਾਂ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ।

ਇਹ ਫ਼ਿਲਮ ਇਪਟਾ ਦੇ ਸਹਿਯੋਗ ਨਾਲ ਬਣਾਈ ਗਈ ਸੀ ਜਿਸ ਦਾ ਬਜਟ ਸੀਮਤ ਸੀ.... ਫਿਲਮ ਦੇ ਨਿਰਦੇਸ਼ਕ ਹਨ "ਐਮ ਐਸ ਮੈਥਿਊ" ਜੋ ਕੇ ਇਪਟਾ ਦੇ ਕਾਰਕੁੰਨ ਸਨ।

ਨਿਰਦੇਸ਼ਕ ਦੇ ਤੌਰ ਤੇ ਐੱਮ ਐੱਸ ਮੈਥਿਊ ਦੀ ਸਮਰੱਥਾ ਦੇਖਣੀ ਹੋਵੇ ਤਾਂ ਉਨ੍ਹਾਂ ਦ੍ਰਿਸ਼ਾਂ ਨੂੰ ਦੇਖਣਾ ਬਣਦਾ ਹੈ ਜਿਨ੍ਹਾਂ ਵਿਚ ਬਲਰਾਜ ਸਾਹਨੀ ਅਤੇ ਫਾਰੂਕ ਸ਼ੇਖ ਕੈਮਰੇ ਦੇ ਸਾਹਮਣੇ ਆਪਣੇ ਸੰਵਾਦ ਬੋਲ ਰਹੇ ਹਨ ਉਨ੍ਹਾਂ ਦੇ ਸਾਹਮਣੇ ਕੋਈ ਕਿਰਦਾਰ ਨਹੀਂ ਬਲਕਿ ਕੈਮਰਾ ਹੈ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਇੰਨੇ ਜੀਵਂਤ ਹਨ ਕੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕੈਮਰੇ ਨੂੰ ਮੁਖ਼ਾਤਬ ਹਨ।

ਵੰਡ ਤੋਂ ਬਾਅਦ ਲੋਕਾਂ ਦੀ ਮਾਨਸਿਕ ਟੁੱਟ ਭੱਜ ਨੂੰ ਦਿਖਾਉਂਦੀ ਇਹ ਕਹਾਣੀ ਇਸਮਤ ਚੁਗਤਾਈ ਦੀ ਸੀ ਜੋ ਕਿ ਛਪੀ ਹੋਈ ਨਹੀਂ ਸੀ ...ਕਹਾਣੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਕਿ ਤੁਸੀਂ ਨਾਲ ਨਾਲ ਤੁਰਦੇ ਜਾਂਦੇ ਹੋ ਜੋ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਫਿਲਮ ਖਤਮ ਹੋ ਗਈ।

ਫਿਲਮ ਵਿਚ ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਦੀ ਛਾਪ ਬਾਖ਼ੂਬੀ ਦਿਖਾਈ ਦਿੰਦੀ ਹੈ.... ਫਿਲਮ ਦੀ ਸ਼ੁਰੂਆਤ ਉਨ੍ਹਾਂ ਦੇ ਸ਼ਿਅਰਾਂ ਨਾਲ ਹੁੰਦੀ ਹੈ ....ਕੈਫ਼ੀ ਆਜ਼ਮੀ ਨੇ ਫਿਲਮ ਦੇ ਸੰਵਾਦ ਇਸ ਤਰ੍ਹਾਂ ਲਿਖੇ ਹਨ ਜੋ ਸਿੱਧਾ ਤੁਹਾਡੇ ਜ਼ਿਹਨ ਵਿਚ ਉਤਰ ਜਾਂਦੇ ਹਨ....ਕਿਰਦਾਰਾਂ ਦੀ ਰੂਹ ਵਿੱਚ ਉਤਰ ਕੇ ਲਿਖੇ ਗਏ ਇਹ ਸੰਵਾਦ ਫਿਲਮ ਦਾ ਪ੍ਰਮੁੱਖ ਆਕਰਸ਼ਣ ਹਨ।

ਇਸਮਤ ਚੁਗਤਾਈ ਦੀ ਕਥਾ ਨੂੰ ਪਟਕਥਾ ਵਿਚ ਬਦਲਣ ਲਈ ਕੈਫ਼ੀ ਆਜ਼ਮੀ ਅਤੇ ਸ਼ਮਾ ਜੈਦੀ ਦਾ ਯੋਗਦਾਨ ਸੀ। ਲੀਕ ਤੋਂ ਹਟ ਕੇ ਪਾਇਆ ਗਿਆ ਯੋਗਦਾਨ।

ਫ਼ਿਲਮ ਵਿਚ ਗੀਤ ਸੰਗੀਤ ਵਾਸਤੇ ਜਿਆਦਾ ਜਗਾਹ ਨਹੀਂ ਸੀ, ਖੇਤਰੀ ਗੀਤ ਸਨ ਜਿਸ ਦਾ ਸੰਗੀਤ ਬਹਾਦੁਰ ਖਾਨ ਦਾ ਸੀ। ਕੈਮਰਾ ਇਸ਼ਾਨ ਆਰੀਆ ਵੱਲੋਂ ਸੰਭਾਲਿਆ ਗਿਆ ਸੀ ਜਿਹਨਾਂ ਨਾਮ ਫਿਲਮ ਦੇ ਤਿੰਨ ਨਿਰਮਾਤਾਵਾਂ ਵਿਚ ਅਬੂ ਸਿਵਾਨੀ, ਐਮ ਐਸ ਸੇਬੂਉ ਨਾਲ ਵੀ ਦਰਜ ਹੈ।

ਜੇਕਰ ਤੁਸੀਂ ਸਾਹਿਤ ਪਸੰਦ ਕਰਦੇ ਹੋ...ਗਹਿਰੀਆਂ ਕਲਾਤਮਕ ਚੀਜ਼ਾਂ ਨੂੰ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਦੇਖਣ ਵਾਲੀ ਹੈ।

ਸਤਿਆਜੀਤ ਰੇਅ ਅਨੁਸਾਰ ਗਰਮ ਹਵਾ ਭਾਰਤੀ ਸਿਨੇਮਾ ਵਿਚ ਉਪਲਬਧੀ ਦੇ ਤੌਰ ਤੇ ਯਾਦ ਕੀਤੀ ਜਾਈ ਚਾਹੀਦੀ ਹੈ। ਇਕ ਅਜ਼ੀਮ ਲੇਖਕ ਦੀ ਅਜ਼ੀਮ ਕਹਾਣੀ ਤੇ ਬਣੀ, ਅਜ਼ੀਮ ਫ਼ਿਲਮ।