ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/72

ਇਹ ਸਫ਼ਾ ਪ੍ਰਮਾਣਿਤ ਹੈ

ਕੱਚੀ ਮਲਮਲ ਉਡਦੀ ਜਾਵੇ
ਉਡਦਾ ਰੁਮਾਲ ਦਿਸੇ
ਗੱਡੀ ਚੜ੍ਹਦੀ ਨਜ਼ਰ ਨਾ ਆਵੇ
ਪਤਲੋ ਦੀ ਠੋਡੀ ਤੇ-
ਲੌਂਗ ਚਾਂਬੜਾ ਪਾਵੇ
174
ਧਾਵੇ ਧਾਵੇ ਧਾਵੇ
ਧੀ ਸੁਨਿਆਰਾਂ ਦੀ
ਜਿਹੜੀ ਤੁਰਦੀ ਨਾਲ ਹੁਲਾਰੇ
ਪਟ ਉਹਦੇ ਰੇਸ਼ਮ ਦੇ
ਉੱਤੇ ਸੁੱਥਣ ਸੂਫ ਦੀ ਪਾਵੇ
ਕੰਢੀ ਬਿੰਦੀ ਕੰਨ ਕੋਕਰੂ
ਕਾਂਟੇ ਸੰਗਲੀਆਂ ਵਾਲੇ
ਲੋਟਣ ਚਮਕਣ ਕੰਨਾਂ ਉੱਤੇ
ਗੱਲ੍ਹਾ ਤੇ ਲੈਣ ਹੁਲਾਰੇ
ਅੱਡੀਆਂ ਨੂੰ ਮੈਲ ਲਗ ਗੀ
ਰੰਨ ਝਾਵੇਂ ਨਾਲ ਘਸਾਵੇ
ਪਤਲੋ ਦੀ ਠੋਡੀ ਤੇ-
ਲੌਂਗ ਹੁਲਾਰੇ ਖਾਵੇ
175
ਲੌਂਗ-ਮੁਰਕੀ
ਪੱਚੀਆਂ ਪੰਜਾਹਾਂ ਦਾ ਮੈਂ ਲੌਂਗ ਕਰਾ ਲਿਆ
ਨਾਲੇ ਕਰਾ ਲਈ ਮੁਰਕੀ
ਕਲ੍ਹ ਦਾ ਰੁਸਿਆ ਫਿਰੇ-
ਕੀ ਚੌਲਾਂ ਦੀ ਬੁਰਕੀ
176
ਛਾਪਾਂ-ਛੱਲੇ-ਚੂੜਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰੂੜਾ
ਓਥੋਂ ਦੀ ਇਕ ਨਾ ਸੁਣੀਂਂਦੀ
ਕਰਦੀ ਗੋਹਾ ਕੂੜਾ
ਹੱਥੀਂ ਉਹਦੇ ਛਾਪਾਂ ਛੱਲੇ
ਬਾਹੀਂ ਰੰਗਲਾ ਚੂੜਾ
ਆਏ ਗਏ ਦੀ ਕਰਦੀ ਸੇਵਾ
ਡਾਹੁੰਦੀ ਪੀੜ੍ਹੀ ਮੂੜ੍ਹਾ

68