ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਧਿਆਵਾਂ ਦੇਵੀਏ ਧਿਆਵਾਂ ਦੇਵੀਏ
ਵਿੱਚ ਖਾੜੇ ਦੇ ਖੜਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ
ਗਾਉਣ ਵਾਲੇ ਨੂੰ ਗਾਉਣ ਬਖਸ਼ੇਂਂ
ਪੜ੍ਹਨ ਵਾਲੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂਂ
ਦੁੱਧੋਂ ਨਤਾਰੇਂ ਪਾਣੀ-
ਮਰਦੀ ਕਾਕੋ ਦੇ-
ਮੂੰਹ ਵਿੱਚ ਪਾ ਦੇ ਪਾਣੀ

5


ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ
ਵਿੱਚ ਭਾਈਆਂ ਦੇ ਖੜੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਵੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨ੍ਹਾ, ਬੋਲਾ
ਟਿੱਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ

6


ਪਹਿਲਾਂ ਨਾਂ ਹਰੀ ਦਾ ਲੈਂਦਾ
ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿੱਚ ਬੜਦਾ

22