ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਦੇਸ਼ ਮੇਰੇ ਦੇ ਬਾਂਕੇ ਗੱਭਰੂ
ਮਸਤ ਅਲ੍ਹੱੜ ਮੁਟਿਆਰਾਂ
ਨੱਚਦੇ ਟੱਪਦੇ ਗਿੱਧਾ ਪਾਉਂਦੇ
ਗਾਉਂਦੇ ਰਹਿੰਦੇ ਵਾਰਾਂ
ਪ੍ਰੇਮ ਲੜੀ ਵਿੱਚ ਇੰਜ ਪਰੋਤੇ
ਜਿਉਂ ਕੂੰਜਾਂ ਦੀਆਂ ਡਾਰਾਂ
ਮੌਤ ਨਾਲ ਇਹ ਕਰਨ ਮਖੌਲਾਂ
ਮਸਤੇ ਵਿੱਚ ਪਿਆਰਾਂ
ਕੁਦਰਤ ਦੇ ਮੈਂ ਚਾਕਰ ਅੱਗੇ
ਇਹ ਅਰਜ ਗੁਜ਼ਾਰਾਂ
ਦੇਸ਼ ਪੰਜਾਬ ਦੀਆਂ.....
ਖਿੜੀਆਂ ਰਹਿਣ ਬਹਾਰਾਂ

• •

ਦੇਸ਼ ਪੰਜਾਬ ਦੇ ਮੁੰਡੇ ਸੁਣੀਂਦੇ
ਜਿਊਂ ਲੜੀਆਂ ਦੀਆਂ ਲੜੀਆਂ
ਕੱਠੇ ਹੋ ਕੇ ਪਾਉਣ ਬੋਲੀਆਂ
ਮੁੱਛਾਂ ਰੱਖਦੇ ਖੜ੍ਹੀਆਂ
ਰਲ ਮਿਲ ਕੇ ਫਿਰ ਪਾਉਣ ਭੰਗੜਾ
ਸਹਿੰਦੇ ਨਹੀਂ ਕਿਸੇ ਦੀਆਂ ਤੜੀਆਂ
ਐਰ ਗੈਰ ਨਾਲ ਗਲ ਨਹੀਂ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਬੇਲਾਂ ਧਰਮ ਦੀਆਂ-
ਵਿੱਚ ਦਰਗਾਹ ਦੇ ਹਰੀਆਂ

20