ਪੰਨਾ:ਖੁਲ੍ਹੇ ਲੇਖ.pdf/198

ਇਹ ਸਫ਼ਾ ਪ੍ਰਮਾਣਿਤ ਹੈ

( ੧੮੨ )

ਇਤਫਾਕਾਂ ਦੇ ਸਮੂਹਾਂ ਦੇ ਫੇਰ ਕਦੀ ਇਥੇ ਤੇ ਕਦੀ ਓਥੇ ਅਦਲੇ ਬਦਲੇ ਹੁੰਦੇ ਰਹਿੰਦੇ ਹਨ ਤੇ ਕਦੀ ਕਦੀ ਅਦਲੇ ਬਦਲੇ ਹੋ ਹੋ ਕਿਸੀ ਥਾਂ ਮਾਂ ਪੁੱਤ ਵਾਲੀ ਦਯਾ ਭਰਿਆ ਬੇ-ਗਰਜ ਪਿਆਰ ਤੀਵੀਂ ਖਾਵੰਦ ਵਿੱਚ ਵੀ ਵਟਾਂਦਰੇ ਕਰ ਕਰ ਕੇ ਆ ਜਾਣਾ ਸੰਭਵ ਹੋ ਜਾਂਦਾ ਹੈ। ਪਰ ਆਮ ਕਰਕੇ ਇਹ ਪਿਆਰ ਮਾਲਕ ਨੌਕਰ ਵਾਲਾ ਹੁੰਦਾ ਹੈ, ਓਹ ਓਹਨੂੰ ਪਾਲਦਾ ਹੈ, ਓਹ ਉਹਦੀ ਸੇਵਾ ਕਰਦਾ ਹੈ॥

ਸੋ ਮਿਤ੍ਰਤਾ ਇਕ ਸੱਚਾ ਮਜ਼੍ਹਬ ਹੈ, ਇਹ ਸਰੀਰ ਤੇ ਮਨ ਥੀਂ ਉੱਤੇ ਦਾ ਕੋਈ ਰੂਹਾਨੀ ਅਨੁਭਵ ਹੈ। ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ। ਇਹ ਕਾਦਰ ਦਾ ਦੱਸਿਆ ਕੋਈ ਆਪਣੇ ਦਿਲ ਦਾ ਸਹਿਜ ਸੁਭਾ ਹੈ, ਇਸੇ ਅਨੁਭਵ ਲਈ ਹੀ ਤਾਂ ਸਭ ਪਾਪ ਪੁੰਨ, ਵੈਰ, ਤੇ ਦੋਸਤੀਆਂ, ਹਨ। ਜਦ ਮਿਤ੍ਰਤਾ ਰੂਹ ਵਿੱਚ ਛਾਈ, ਜੀਣ ਸੁਫਲ ਹੋ ਗਿਆ। ਇਖਲਾਕ ਬੇਅਰਥ ਹੈ, ਜੇ ਮਿਤ੍ਰਤਾ ਦੀ ਮਿਠਾਸ ਬ੍ਰਿਛ ਦੀ ਛਾਇਆ ਵਾਂਗ, ਫੁੱਲ ਦੇ ਖੇੜੇ ਵਾਂਗ, ਅਸਾਂ ਥੀਂ ਰੂਪ ਵਾਂਗ, ਖਸ਼ਬੂ ਵਾਂਗ ਆਪਾ ਵਾਰਕੇ ਹਭ ਕਿਸੇ ਦਾ ਮਿਤ੍ਰ ਨਾ ਹੋਕੇ ਸਾਹ ਲਵੇ॥