ਪੰਨਾ:ਖੁਲ੍ਹੇ ਘੁੰਡ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਸ਼ਾਂ ਦੀਆਂ ਰੌਸ਼ਨੀਆਂ ਦਾ ਕਤਰਾ,
ਲੱਖਾਂ ਨੈਣਾਂ ਦੀ ਝਲਕ ਜਿਹੀ,
ਸੋਹਣੇ ਮੂੰਹਾਂ ਅਨੇਕਾਂ ਦੀ ਬਿਜਲੀ,
ਰੌਣਕ ਕਿਸੇ ਅਣਡਿੱਠੇ ਇਕਬਾਲ ਦੀ,
ਨਾਮ ਆਪਣਾ ਪੁੱਛਦਾ,
ਕੌਣ ਦੱਸਦਾ ?
ਪੁਲਾੜ ਜਿਹੀ ਵਿਚ ਇਕ ਵਿਅਰਥ ਜਿਹੀ ਚੀਖ ਹੈ ।

         ੨.

ਢੇਰ ਚਿਰ ਹੋਯਾ,
ਮੈਂ ਜਦ ਬਾਲ ਸਾਂ,
ਖ਼ੁਸ਼ੀ ਸਾਂ ਨਵੇਂ ਜੰਮੇ ਫੁੱਲ ਦੀ,
ਲਾਲੀ ਪੂਰਬ ਦੀ, ਨੀਲਾਣ ਅਕਾਸ਼ ਦੀ,
ਪ੍ਰਕਾਸ਼ ਦੀ, ਡਲ੍ਹਕਦੀ ਡਲੀ ਸਾਂ,
ਨਿੱਕਾ ਜਿਹਾ ਚੰਨ ਮੂੰਹ,
ਮਾਂ ਦਿੱਤਾ ਨਾਮ ਵੀ ਨਵਾਂ ਨਵਾਂ ਸੀ,
ਮੈਂ ਸਾਂ ਨਾਮ ਤੇ ਰੀਝਦਾ ।
ਸਭ ਅੰਦਰ ਸੀ ਮੈਂ ਮੇਰੀ,
ਨਾਮ ਬਾਹਰ ਦਾ ਆਵਾਜ਼ ਸੀ,
ਪੈਂਦੀ ਚੰਗੀ ਲੱਗਦੀ, ਰੂਹ ਪੁੱਛਦੀ,
ਬਾਹਰ ਕੀ, ਅੰਦਰ ਤਾਂ ਸਭ ਕੁਛ ਸੀ,
ਬਾਹਰ ਕੌਣ ਬੁਲਾਉਂਦਾ ?
… … …
… … …