ਪੰਨਾ:ਕੇਸਰ ਕਿਆਰੀ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫. ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ.

(ਗੀਤ)

੧. ਭਸਮ ਰਮਾਈ, ਧੂਣੀ ਤਾਈ,
ਜੋਗੀ ਜੋੜ ਜਮਾਤ ਬਣਾਈ,
ਬੁੱਤਾਂ ਅਗੇ ਡੰਡੌਤਾਂ ਕਰਦਿਆਂ
ਕੁੜਕ ਉਠੀ ਕਮਰੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

੨. ਵੀਣਾ ਦੀਆਂ ਤੂੰ ਤਰਬਾਂ ਜੋੜੇਂ,
ਕਿਸੇ ਨੂੰ ਗੰਢੇਂ, ਕਿਸੇ ਨੂੰ ਤੋੜੇਂ,
ਸਾਜ਼ ਤੇਰਾ ਪਰ ਸੁਰ ਨਹੀਂ ਹੋਇਆ,
ਕਿੱਲੀਆਂ ਜ਼ਰਾ ਮਰੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

੩. ਕੱਠੇ ਕਰੇਂ ਸਮੁੰਦਰੀ ਮੋਤੀ,
ਮਾਲਾ ਗਈ ਨ ਸਾਫ ਪਰੋਤੀ,
ਨਿੱਕੇ ਤੇ ਮੋਟੇ ਦਾਣਿਆਂ ਦਾ,
ਹਟਿਆ ਨਹੀਂ ਅਜੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

੪. ਮੁੰਦਰਾਂ ਲਾਹੀਆਂ, ਭੇਖ ਵਟਾਇਆ,
ਮੰਡਲੀ ਨਾਲ ਪਿਆਰ ਘਟਾਇਆ,
ਆਪਣਿਆਂ ਨੂੰ ਸੀਧਾ ਵੰਡਿਆ,
ਓਪਰੇ ਦਿੱਤੇ ਮੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

੫. ਭੁੱਖੇ ਭਗਤ ਜੇ ਰਹਿ ਗਏ ਤਕਦੇ,
ਮੁਕਤੀ ਦੇ ਦਰ ਖੁਲ੍ਹ ਨਹੀਂ ਸਕਦੇ,
ਥੁੱਕਾਂ ਨਾਲ ਵੜੇ ਨਹੀਂ ਪਕਦੇ,
ਤਿਆਗ ਦੀ ਭਾਰੀ ਲੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

-੫੮-