ਪੰਨਾ:ਕੇਸਰ ਕਿਆਰੀ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩. ਸਮੇਂ ਦੀ ਬਹਾਰ.

(ਗੀਤ)

ਨਵੀਓਂ ਨਵੀਂ ਬਹਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

੧. ਨਵੇਂ ਸਮੇਂ ਦੇ ਨਵੇਂ ਨਜ਼ਾਰੇ,
ਨਵੀਂ ਜਵਾਨੀ, ਨਵੇਂ ਹੁਲਾਰੇ,
ਨਵੇਂ ਬਜ਼ਾਰ, ਤਮਾਸ਼ੇ, ਮੇਲੇ,
ਨਵੇਂ ਹੁਸੀਨ, ਨਵੇਂ ਅਲਬੇਲੇ,
ਨਵੀਂ ਨਸ਼ੇ ਦੀ ਤਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

੨. ਪਿਛਲੀ ਹੋ ਗਈ ਗੱਲ ਪੁਰਾਣੀ,
ਨਵਿਆਂ ਛੋਹੀ ਨਵੀਂ ਕਹਾਣੀ ।
ਪਿਛਲੇ ਲੀਹਾਂ ਨਾਲ ਖਲੋ ਗਏ,
ਨਵੇਂ ਨਿਸ਼ਾਨ ਅਗੇਰੇ ਹੋ ਗਏ,
ਬਦਲ ਗਿਆ ਸੰਸਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

੩. ਕੁਦਰਤ ਅਦਲ ਬਦਲ ਤੇ ਹੱਸੀ,
ਨਵੀਂ ਸੜਕ ਨਵਿਆਂ ਨੂੰ ਦੱਸੀ ।
ਸਹਿਮ ਗ਼ੁਲਾਮੀ ਅੰਦਰ ਵੜ ਗਈ,
ਆਜ਼ਾਦੀ ਕੋਠੇ ਤੇ ਚੜ੍ਹ ਗਈ,
ਲਿਆ ਮੋਰਚਾ ਮਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

-੩੬-