ਪੰਨਾ:ਕੇਸਰ ਕਿਆਰੀ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧. ਤਿਆਰ ਹੋ.

(ਗ਼ਜ਼ਲ)

ਓ ਨੀਂਦ ਵਿਚ ਲੁਟ ਚੁਕੇ ਮੁਸਾਫ਼ਿਰ !
ਤੂੰ ਉਠ ਕੇ ਬਹੁ ਹੋਸ਼ਿਆਰ ਹੋ ਜਾ ।
ਗੁਜ਼ਰ ਗਈ ਰਾਤ ਮੁਸ਼ਕਿਲਾਂ ਦੀ,
ਕਮਰਕਸਾ ਕਰ, ਤਿਆਰ ਹੋ ਜਾ ।

ਤੂੰ ਕੀ ਦਲੀਲਾਂ ਦੁੜਾ ਰਿਹਾ ਹੈਂ ?
ਕਿਨਾਰੇ ਬਹਿ ਬਹਿ ਔਕੜਾਂ ਦੇ,
ਛਲਾਂਗ ਲਾ ਇਕ ਬਹਾਦੁਰਾਂ ਦੀ
ਤੇ ਇਸ ਸਮੁੰਦਰ ਤੋਂ ਪਾਰ ਹੋ ਜਾ ।

ਜੇ ਰੋੜ੍ਹ ਆਵੇ ਮੁਸੀਬਤਾਂ ਦਾ,
ਤੂੰ ਮੂੰਹ ਭੁਆ ਦੇ, ਚਿਟਾਨ ਬਣ ਕੇ,
ਜੇ ਮੁਸ਼ਕਿਲਾਂ ਦਾ ਪਹਾੜ ਵੇਖੇਂ
ਤਾਂ ਉਸ ਦੇ ਸਿਰ ਤੇ ਸਵਾਰ ਹੋ ਜਾ ।

ਅਛੂਤ, ਬਾਹਮਣ, ਪੁਜਾਰੀ, ਹਰਿਜਨ,
ਮਲੇਛ, ਕਾਫ਼ਰ ਤੇ ਹਿੰਦੂ, ਮੋਮਨ,
ਜੋ ਸਭ ਦਾ ਦਿਲ ਧੋ ਕੇ ਸਾਫ ਕਰ ਦੇ,
ਤੂੰ ਓਸ ਗੰਗਾ ਦੀ ਧਾਰ ਹੋ ਜਾ ।

ਨਿਮਾਜ਼ ਰੋਜ਼ੇ ਤੇ ਪਾਠ ਪੂਜਾ ਤੋਂ
ਦਿਲ ਤੇਰਾ ਜੇ ਉਟਕ ਗਿਆ ਹੈ,
ਤਾਂ ਮਰ ਨ ਐਵੇਂ ਹਰਾਮ ਮੌਤੇ,
ਵਤਨ ਦਾ ਖ਼ਿਦਮਤਗੁਜ਼ਾਰ ਹੋ ਜਾ ।

-੩੪-