ਪੰਨਾ:ਕੇਸਰ ਕਿਆਰੀ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਜਦ ਨੀਂਦ ਅਸਾਡੀ ਉਘੜੇਗੀ,
ਪਲਟੇਗਾ ਦੌਰ ਜ਼ਮਾਨੇ ਦਾ,
ਵਰਕਾ ਉਲਟਾਇਆ ਜਾਵੇਗਾ,
ਖ਼ੁਦਗ਼ਰਜ਼ੀ ਦੇ ਅਫ਼ਸਾਨੇ ਦਾ,
ਸਾਕ਼ੀ ਦਰਵਾਜ਼ਾ ਖੋਲ੍ਹੇਗਾ,
ਰਲ ਬਹਿਣ ਲਈ ਮੈਖ਼ਾਨੇ ਦਾ,
ਸੁਰ ਹੋ ਜਾਵੇਗਾ ਤੰਬੂਰਾ,
ਵਿਗੜੇ ਹੋਏ ਪ੍ਰੇਮ ਤਰਾਨੇ ਦਾ,
ਮੰਦਰ ਵਿਚ ਜੱਫੀਆਂ ਪਾ ਪਾ ਕੇ
ਮਸਤਾਨੇ ਰਾਸ ਰਚਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ..........

੪. ਜਦ ਦਿਲ ਦਾ ਮੰਦਰ ਵੱਸੇਗਾ,
ਉਜੜੇਗਾ ਦੇਸ ਵਿਖਾਲੇ ਦਾ,
ਗਲ ਲਗਿਆਂ ਧਰਮ ਨ ਵਿਗੜੇਗਾ,
ਮੀਏਂ, ਭਾਈ ਤੇ ਲਾਲੇ ਦਾ,
ਗੁਰਦਵਾਰੇ ਵਿਚਦੀ ਲੰਘੇਗਾ,
ਰਾਹ ਮਸਜਿਦ ਅਤੇ ਸ਼ਿਵਾਲੇ ਦਾ,
ਰਲ ਘਿਉ-ਖਿਚੜੀ ਹੋ ਜਾਵੇਗਾ,
ਦਿਲ ਗੋਰੇ ਦਾ, ਚੰਮ ਕਾਲੇ ਦਾ,
ਸਭ ਰਲ ਮਿਲ ਭਾਰਤ ਮਾਤਾ ਨੂੰ,
ਸਰਧਾ ਦੇ ਫੁੱਲ ਚੜ੍ਹਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ..........

-੨੯-