ਪੰਨਾ:ਕੇਸਰ ਕਿਆਰੀ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਮਸਾਲਾ ਜੁੜ ਜਾਂਦਾ ਸੀ । ਕਿੱਸੇ, ਕਹਾਣੀਆਂ ਤੇ ਨਵੇਂ ਨਵੇਂ ਚਿੱਠੇ ਸ਼ਹਿਰੋਂ ਆ ਜਾਂਦੇ ਸਨ, ਵਾਰਸਸ਼ਾਹ, ਫਜ਼ਲ ਸ਼ਾਹ, ਕਿਸ਼ਨ ਸਿੰਘ ਆਰਫ, ਕਾਲੀਦਾਸ ਬੁਲ੍ਹਾ ਸ਼ਾਹ, ਸ਼ਾਹ ਹੁਸੈਨ, ਸਾਧੂ ਈਸ਼ਰ ਦਾਸ ਤੇ ਹੋਰ ਬੁਤੇਰੇ ਪੰਜਾਬੀ ਕਵੀਆਂ ਦਾ ਕਲਾਮ ਹਰ ਵੇਲੇ ਪੜ੍ਹਨ ਨੂੰ ਮਿਲ ਜਾਂਦਾ ਸੀ। ਇਧਰੋਂ ਜਨਮ ਸਾਖੀ, ਭਗਵਤ ਗੀਤਾ ਤੇ ਭਾਗਵਤ ਆਦਿਕ ਭੀ ਲਭ ਗਏ । ਲੋਪੋਕਿਆਂ ਦਾ ਲਹਿਰਾ ਮੈਂ ੧੭ ਵਰਹੇ ਦੀ ਉਮਰ ਤਕ ਦਿਲ ਖੋਲ ਕੇ ਮਾਣਿਆ। ਅਕਤੂਬਰ ਸੰਨ ੧੮੯੩ ਈ: ਵਿਚ ਜਦ ਵਜ਼ੀਰ ਹਿੰਦ ਪ੍ਰੈਸ ਅਮ੍ਰਿਸ੍ਤਰ ਵਿਚ ਆਕੇ ਨੌਕਰੀ ਸ਼ਰੁ ਕੀਤੀ ਤਾਂ ਇਥੇ ਭੀ ਪੰਜਾਬੀ ਦਾ ਹੀ ਵਾਯੂ ਮੰਡਲ ਮਿਲ ਗਿਆ । ਇਸ ਤੋਂ ਕੁਝ ਚਿਰ ਬਾਦ ਇਸੇ ਪ੍ਰੈਸ ਵਲੋਂ ਮਾਈ ਸੇਵਾਂ ਦੇ ਬਜ਼ਾਰ ਵਿਚ ਇਕ ਪੁਸਤਕਾਂ ਦੀ ਦੁਕਾਨ ਖੁਲ ਗਈ ਅਤੇ ਮੈਂ ਉਸ ਦਾ ਇਨਚਾਰਜ ਬਣ ਗਿਆ। ਉਥੇ ਮੈਨੂੰ ਮੁਤਾਲਿਆ ਵਾਸਤੇ ਹੋਰ ਚੋਖੀ ਸਾਰੀ ਮਦਦ ਮਿਲ ਗਈ । ਸੰਨ ੧੯੦੧-੨ ਦੇ ਕਰੀਬ ਕਵਿਤਾ ਦਾ ਅੰਗੂਰ ਜ਼ਮੀਨੋਂ ਬਾਹਰ ਨਿਕਲ ਪਿਆ ਤੇ ਹੌਲੀ ਹੌਲੀ ੧੯੦੬ ਵਿਚ ਤਾਂ ਮੈਂ ਭਰੜੀ ਹਰੀ ਤੇ ਨਲ ਦਮਯੰਤੀ ਨਾਮ ਦੇ ਦੋ ਕਿੱਸੇ ਆਉਟ ਭੀ ਕਰ ਦਿਤੇ । ਏਹ ਦੋਵੇਂ ਚੀਜ਼ਾਂ ਉਸੇ ਜ਼ਮਾਨੇ ਦੇ ਰਿਵਾਜਾਂ ਤੇ ਫਾਰਸੀ ਮਿਲੀ ਪੰਜਾਬੀ ਬੋਲੀ ਵਿਚ ਸਨ । ਪੰਜਾਬ ਵਿਚ ਜੰਮਿਆ ਪਲਿਆ, ਪੰਜਾਬੀ ਨਾਲ ਵਾਹ ਪੈਂਦਾ ਰਿਹਾ, ਅੱਗੇ ਪਿੱਛੇ ਪੰਜਾਬੀ ਦਾ ਹੀ ਵਾਯੂ ਮਡਲ ਮਿਲਦਾ ਰਿਹਾ। ਉਰਦੂ ਫ਼ਾਰਸੀ ਹਿੰਦੀ ਕਲਾਮ ਪੜ੍ਹਨ ਦਾ ਚਸਕਾ ਜ਼ਰੂਰ ਸੀ, ਪਰ ਪੰਜਾਬੀ ਨਾਲ ਜੋ ਗੂੜ੍ਹਾ ਪਿਆਰ ਦੁਧ ਦੀਆਂ ਦੰਦੀਆਂ ਤੋਂ ਹੀ ਪੈ ਚੁਕਾ ਸੀ, ਉਸੇ ਨੂੰ ਮੈਂ ਆਪਣੀ ਬੋਲੀ ਬਣਾ ਲਿਆ ਅਤੇ ਇਹ ਮੰਨਣ ਵਿਚ ਮੈਨੂੰ ਕੋਈ ਸੰਗਾ ਭੀ ਨਹੀਂ, ਕਿ ਪੰਜਾਬੀ ਨਾਲੋਂ ਚੰਗੇਰਾ ਕਲਾਮ ਮੈਂ ਸ਼ਾਇਦ ਕਿਸੇ ਹੋਰ ਬੋਲੀ ਵਿਚ ਗੁੰਦ ਭੀ ਨਾ ਸਕਦਾ । . .

Digitized by Panjab Digital Library / www.panjabdigilib.org