ਪੰਨਾ:ਕੇਸਰ ਕਿਆਰੀ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਇਮਾਮ ਬਖਸ਼ ਦੇ ਪਿੰਡ ਪਸੀਆਂ ਵਾਲੇ[1] ਵਿਚ ਹੋਇਆ ਸੀ[2], ਪਰ ਅਮਲੀ ਜੀਵਨ ਮੇਰਾ ਲੋਪੋਕੇ ਜ਼ਿਲਾ ਅਮ੍ਰਿਤਸਰ ਵਿਚ ਹੀ ਬੀਤਦਾ ਰਿਹਾ, ਕਿਉਂਕਿ ਡੇਢ ਵਰਹੇ ਦੀ ਉਮਰ ਵਿਚ ਹੀ ਮਾਤਾ ਪਿਤਾ ਜੀ ਮੈਨੂੰ ਏਥੇ ਲੈ ਆਏ ਸਨ। ਇਸ ਕਸਬੇ ਦਾ ਆਲਾ ਦੁਆਲਾ ਬੜਾ ਸਰਸਬਜ਼ ਤੇ ਵਸੋਂ ਬੜੀ ਖੁਸ਼ਹਾਲ ਸੀ, ਗ਼ਮਾਂ ਫਿਕਰਾਂ ਤੋਂ ਆਜ਼ਾਦ ਲੋਕ ਹਰ ਵੇਲੇ ਪ੍ਰਸੰਨ ਰਹਿੰਦੇ ਸਨ। ਮੇਰੇ ਚਾਚਾ ਜੀ ਤਿੰਨ ਵਰਹੇ ਦੀ ਉਮਰ ਵਿਚ ਹੀ ਮੈਨੂੰ ਕੰਧਾੜੇ ਚੁੱਕੀ ਹਰੇਕ ਮੇਲੇ ਮੁਸਾਹਬੇ, ਰਾਸ ਤਮਾਸ਼ੇ ਛਿੰਝ ਆਦਿਕ ਸਭ ਤਰਾਂ ਦੇ ਦਿਲ ਪਰਚਾਵਿਆਂ ਉਤੇ ਲੈ ਜਾਂਦੇ ਸਨ। ਉਨ੍ਹਾਂ ਨੂੰ ਗਾਉਣ ਦੀ ਲਟਕ ਭੀ ਕਾਫੀ ਸੀ, ਬੱਚਾ ਬਾਂਦਰ ਦੀ ਨਿਆਈਂ ਹੁੰਦਾ ਹੈ, ਜੋ ਬੁਲੇਲ ਮੇਰੇ ਕੰਨਾਂ ਵਿਚ ਪੈਂਦੀ ਰਹੀ, ਯਾਦਸਿਲਾ ਉੱਤੇ ਉਕਰੀਂਦੀ ਗਈ। ਕਵੀਆਂ ਦੇ ਕਲਾਮ, ਸਾਈਂ ਲੋਕਾਂ ਦੇ ਦੋਹੜੇ, ਰਾਗ ਰਸੇ-ਗਾਉਣ ਗੀਤ ਤੇ ਕਵਿਤਾ ਦੇ ਮੀਟਰ (ਧਾਰਨਾਤਰਜ਼ਾਂ) ਹਿਰਦੇ ਵਿਚ ਵੱਸਣ ਲਗ ਪਏ। ਕਵਿਤਾ ਦਾ ਬੀਜ ਤਾਂ ਸ਼ਾਇਦ ਗਿੱਲੀ ਮਿੱਟੀ ਵਿਚ ਹੀ ਡਿਗ ਪਿਆ ਹੋਵੇਗਾ, ਪਰ ਅੰਗੂਰ ਵਿਦ੍ਯਾ ਅਰੰਭ ਦੇ ਜ਼ਮਾਨੇ ਵਿਚ ਫੁੱਟਾ। ਗੁਰਮੁਖੀ ਅੱਖਰ ਤਾਂ ਛੇਤੀ ਹੀ ਮੈਨੂੰ ਆ ਗਏ, ਉਰਦੁ ਦੀ ਪੜ੍ਹਾਈ ਛੇ ਸਤ ਵਰਹੇ ਦੀ ਉਮਰ ਵਿਚ ਸ਼ੁਰੂ ਹੋ ਗਈ ਸੀ; ਹਿੰਦੀ ਤੇ ਲੰਡੇ ਦੇਖ ਦੇਖ ਕੇ ਹੀ ਆ ਗਏ। ਛੋਟੇ ਮੁੰਡਿਆਂ ਨੂੰ ਛੇਤੀ ਪੜ੍ਹ ਜਾਣ ਕਰਕੇ ਪਿਆਰ ਦਾ ਦਾਨ ਸਭ ਪਾਸਿਓਂ ਮਿਲ ਜਾਂਦਾ ਹੈ, ਇਸ ਲਈ ਮੁਤਾਲਿਆ ਵਾਸਤੇ ਮੈਨੂੰ ਚੋਖਾ

=ਚ=

  1. *ਉਨ੍ਹਾਂ ਦਿਨਾਂ ਵਿਚ ਇਹ ਤਸੀਲ ਰਈਆ ਜ਼ਿਲਾ ਸਿਆਲ ਕੋਟ ਦੀ ਹਦ ਵਿਚ ਸੀ, ਪਰ ਹੁਣ ਤਸੀਲ ਸ਼ਾਹਦਰਾ ਜ਼ਿਲਾ ਸ਼ੇਖੂਪੁਰਾ ਦੀ ਹਦ ਵਿਚ ਆ ਚੁਕਾ ਹੈ।
  2. ਜਨਮ ਦੀ ਤ੍ਰੀਕ ੧੮ ਅੱਸੂ ਸੰਮਤ ੧੯੩੩ ਬਿਕ੍ਰਮੀ, ਮੁਤਾਬਿਕ ਅਕਤੂਬਰ ਸੰਨ ੧੮੭੬ ਈਸਵੀ।