ਪੰਨਾ:ਕੇਸਰ ਕਿਆਰੀ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆ ਹੋਰ ਦੀ ਹੋਰ ਹੋ ਗਈ ਹੈ, ਪੁਰਾਣਾ ਪੰਜਾਬ ਬਹੁਤ ਪਿਛੇ ਰਹਿ ਗਿਆ, ਬੇਸ਼ੁਮਾਰ ਨਵੀਆਂ ਚੀਜ਼ਾਂ ਪੈਦਾ ਹੋ ਗਈਆਂ, ਦੂਰ ਦੁਰਾਡੇ ਸਫਰ ਆਸਾਨ ਹੋ ਗਏ, ਰੇਲਾਂ ਮੋਟਰਾਂ, ਲਾਰੀਆਂ, ਹਵਾਈ ਜਹਾਜ਼, ਹਸਪਤਾਲ, ਤਾਰ ਘਰ, ਡਾਕ ਖਾਨੇ, ਨਹਿਰਾਂ,ਸਕੂਲ ਕਾਲਜ, ਛਾਪੇ ਖਾਨੇ, ਅਖਬਾਰਾਂ ਤੇ ਰੈਡੀਓ ਪੈਦਾ ਹੋ ਗਏ; ਕਾਲ, ਮਰੀ, ਮਲੇਰੀਆ, ਹੈਜ਼ਾ, ਮਾਤਾ ਆਦਿਕ ਵਬਾਵਾਂ ਦੀ ਰੋਕ ਥੰਮ ਕਾਫੀ ਹੋ ਗਈ ਹੈ। ਦੇਸ ਦੀ ਆਬਾਦੀ ਭੀ ਕਈ ਗੁਣਾਂ ਵਧ ਚੁਕੀ ਹੈ, ਪੈਦਾਵਾਰ ਤੇ ਮਾਲੀਏ ਵਿਚ ਭੀ ਚੋਖੀ ਤ੍ਰੱਕੀ ਹੋ ਗਈ ਹੈ, ਪਰ ਐਨੀ ਅਦਲਾ ਬਦਲੀ ਦੇ ਬਾਵਜੂਦ ਮੈਨੂੰ ਪੰਜਾਬ ਦੇ ਬੁਨਿਆਦੀ ਸੁਭਾਉ ਵਿਚ ਕੋਈ ਉਚੇਚਾ ਵਟ ਸਟ ਨਜ਼ਰ ਨਹੀਂ ਆਇਆ। ਪੰਜਾਬੀ ਦੀਆਂ ਕਈ ਪੀਹੜੀਆਂ ਲੰਘ ਜਾਣ ਤੇ ਭੀ ਉਸ ਦੀਆਂ ਕੁਦਰਤੀ ਸਿਫਤਾਂ- ਹਮਦਰਦੀ,ਮਿਲਾਪੜਾਪਨ, ਉਦਾਰਤਾ, ਮਿਠਾ ਬੋਲ ਤੇ ਸਭ ਤੋਂ ਵਧ ਕੇ ਸਾਫ ਸਾਫ ਕਹਿ ਦੇਣ ਦੀ ਦਲੇਰੀ- ਉਸੇ ਤਰ੍ਹਾਂ ਜੀਉਂਦੀਆਂ ਜਾਗਦੀਆਂ ਹਨ, ਪਿੰਡਾਂ ਵਿਚ ਸ਼ਰਾਰਤ ਤੇ ਸ਼ੈਤਾਨੀ ਨੂੰ ਅਜੇ ਭੀ ਥਾਂ ਨਹੀਂ ਮਿਲੀ। ਇਹ ਠੀਕ ਹੈ, ਕਿ ਖਰਚਾਂ ਦੇ ਫੈਲ ਜਾਣ ਨਾਲ ਉੱਨ੍ਹਾ ਹਥ ਖੁਲ੍ਹਾ ਤੇ ਸਮੇਂ ਦਾ ਵਿਹਲ ਨਹੀਂ ਰਿਹਾ, ਪਰ ਇਸ ਦੀ ਤਹਿ ਥੱਲੇ ਆਰਥਿਕ ਸਵਾਲ ਹੈ, ਅਤੇ ਆਸ ਹੈ, ਇਸ ਦਾ ਹਲ ਨਿਕਲ ਆਇਆਂ ਪੰਜਾਬੀ ਆਪਣੀਆਂ ਹਨੇਰੇ ਵਿਚ ਗੁਆਚੀਆਂ ਜ਼ੀਨਤਾਂ ਨੂੰ ਲੱਭ ਲਏਗਾ।

ਜਿਉਂ ਜਿਉਂ ਪੰਜਾਬ ਹਰ ਗਲ ਵਿਚ ਅੱਗੇ ਅੱਗੇ ਤੁਰਿਆ ਆ ਰਿਹਾ ਹੈ, ਤਿਵੇਂ ਹੀ ਸਮੇਂ ਦੀ ਚਾਲ ਨਾਲ ਮੇਰੇ ਸੁਪਨੇ ਅਤੇ ਚਾਉ ਵਧੇਰੇ ਫੈਲਦੇ ਜਾ ਰਹੇ ਹਨ। ਪੰਜਾਬੀ ਸੂਰਮੇ ਜਿੱਥੇ ਅਗੇ ਆਪਣੀ ਬਹਾਦੁਰੀ ਦੇ ਕਾਰਨਾਮਿਆਂ ਨਾਲ ਬਾਹਰ ਦੀ ਦੁਨੀਆ ਨੂੰ ਹੈਰਾਨ ਕਰਦੇ ਰਹੇ ਹਨ, ਉੱਥੇ ਆਪਣੇ ਅੰਦਰ ਦਾ ਆਲਾ ਦੁਆਲਾ

=ਘ=