ਪੰਨਾ:ਕੇਸਰ ਕਿਆਰੀ.pdf/215

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੯. ਬੁਲਬੁਲ.

(ਗ਼ਜ਼ਲ)

ਖ਼ਿਜ਼ਾਂ ਨੂੰ ਵੇਖ ਕੇ, ਰੋ ਰੋ ਨਾ ਸਿਰ ਖਪਾ, ਬੁਲਬੁਲ !
ਬਹਾਰ ਆਈ ਖੜੀ ਹੈ, ਨ ਜੀ ਡੁਲਾ, ਬੁਲਬੁਲ !

ਸਰੂਰ ਵਸਲ ਦਾ ਲੈ ਲੈ ਕੇ, ਝੂਮਦੇ ਦਿਲ ਨੂੰ,
ਮਜ਼ਾ ਉਡੀਕ ਦੇ ਦਰਦਾਂ ਦਾ ਭੀ ਚਖਾ, ਬੁਲਬੁਲ !

ਜੇ ਤਲਕੇ ਰਾਨ ਦੀ ਮਛਲੀ ਕਦੇ ਖੁਆਲੀ ਸੀ,
ਫੜਾ ਕੇ ਕੱਚਾ ਘੜਾ, ਤਰਨ ਭੀ ਸਿਖਾ, ਬੁਲਬੁਲ !

ਲਗਾ ਦਿਖਾਈ ਏ ਬਾਜ਼ੀ, ਜਿਨ੍ਹਾਂ ਨੇ ਸਿਰ ਧੜ ਦੀ,
ਉਨ੍ਹਾਂ ਨੂੰ ਦਾਰ ਤੇ ਭੀ, ਦਿਸ ਪਿਆ ਖ਼ੁਦਾ, ਬੁਲਬੁਲ !

ਦਿਖਾ ਕੇ ਸਾੜ ਕਲੇਜੇ ਦੇ ਪ੍ਰੀਤ ਕਿਉਂ ਭੰਡੇਂ ?
ਏ ਦਾਗ਼ ਇਸ਼ਕ ਦੀ ਚਾਦਰ ਤੇ ਨਾ ਲਗਾ, ਬੁਲਬੁਲ !

-੧੮੪-