ਪੰਨਾ:ਕੇਸਰ ਕਿਆਰੀ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬. ਭਉਰੇ ਨੂੰ.

ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

੧. ਜਗ ਰਚਨਾ ਤੋਂ ਵੀ ਪ੍ਰੀਤ ਪੁਰਾਣੀ,
ਜੁਗ ਜੁਗ ਤੁਰਦੀ ਰਹੀ ਕਹਾਣੀ,
ਕਈ ਵਰੀ ਉਪਜੇ, ਕਈ ਵਾਰੀ ਨਿਪਜੇ,
ਚੰਦ ਸੂਰਜ ਦੇ ਗੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

੨. ਕੰਵਲੇ ਨਾਲ ਤੂੰ ਪ੍ਰੀਤ ਲਗਾਈ,
ਕੰਵਲੇ ਨੂੰ ਸੂਰਜ ਦੀ ਰੁਸ਼ਨਾਈ,
ਸੰਝ ਸੁਆਲ, ਸਵੇਰ ਜਗਾ ਕੇ,
ਅੱਖੀਆਂ ਦੇਵੇ ਉਘੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

੩. ਲੈ ਪਰਲੇ ਦੀਆਂ ਲੰਮੀਆਂ ਰਾਤਾਂ,
ਪ੍ਰੀਤ ਨੇ ਛੋਹੀਆਂ ਗੁਝੀਆਂ ਬਾਤਾਂ,
ਕਹਿ ਕਹਿ , ਸੁਣ ਸੁਣ, ਥਕ ਗਈ ਦੁਨੀਆਂ,
ਕੋਈ ਨ ਸਕਿਆ ਨਬੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

੪. ਰਾਗਣੀ ਅਪਣੀ ਛੇੜੀ ਜਾਵੀਂ,
ਛੋਹਿਆ ਪੰਧ ਨਬੇੜੀ ਜਾਵੀਂ,
ਵੇਖੀ ਜਾਹ ਤੂੰ ਰਾਹ ਵਿਚ ਹੁੰਦੇ,
ਮੌਤ ਜੀਵਨ ਦੇ ਭੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

-੧੭੯-