ਪੰਨਾ:ਕੇਸਰ ਕਿਆਰੀ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੧. ਜੀਵਨ-ਆਦਰਸ਼.

(ਗ਼ਜ਼ਲ)

ਹੇ ਮੇਰੀ ਜੀਵਨ-ਆਦਰਸ਼ ਮਲਿਕਾ !
ਤੂੰ ਖੋਲ੍ਹ ਬੂਹੇ, ਨਿਸ਼ੰਗ ਹੋ ਕੇ,
ਉਜਾੜ ਨੂੰ ਘਰ ਬਣਾ ਲਿਆ ਹੈ,
ਮੈਂ ਏਸ ਰੌਣਕ ਤੋਂ ਤੰਗ ਹੋ ਕੇ ।

ਜਿਨ੍ਹਾਂ ਉਮੈਦਾਂ ਦੇ ਸਿਰ ਤੇ ਮੇਰੀ-
ਅਕਾਸ਼ ਗੁੱਡੀ ਚੜ੍ਹੀ ਹੋਈ ਸੀ,
ਉਭਰ ਉਭਰ ਕੇ ਓ ਬੈਠ ਗਈਆਂ,
ਗ਼ਮਾਂ ਤੇ ਖ਼ੁਸ਼ੀਆਂ ਦਾ ਜੰਗ ਹੋ ਕੇ ।

ਬਣਾ ਬਣਾ ਕੇ ਸੁਨਹਿਰੀ ਸੁਪਨੇ,
ਅਬਾਦ ਸੀ ਏਸ ਦਿਲ ਦੀ ਦੁਨੀਆਂ,
ਉਜੜ ਗਈ ਹੈ ਉਹ ਖੇਪ ਸਾਰੀ,
ਬੁਝੀ ਹੋਈ ਮਨ-ਤਰੰਗ ਹੋ ਕੇ ।

ਤੂੰ ਕੋਈ ਸੂਰਤ ਬਣਾ ਦੇ ਐਸੀ,
ਮੈਂ ਤੇਰਾ ਹੋ ਜਾਂ, ਤੂੰ ਮੇਰੀ ਹੋਵੇਂ,
ਮੇਰੇ ਕਲੇਜੇ ਦਾ ਖ਼ੂਨ ਝਲਕੇ,
ਤੇਰੇ ਕਪੋਲਾਂ ਦਾ ਰੰਗ ਹੋ ਕੇ ।

ਜਗਾ ਦੇ ਅੰਦਰ ਹੀ ਜੋਤ ਐਸੀ,
ਉਧਾਰੇ ਚਾਨਣ ਨੂੰ ਜੀ ਨ ਤਰਸੇ,
ਗੁਆਚ ਜਾਵੇ, ਉਡੀਕ ਦਿਲ ਦੀ,
ਇਸੇ ਸ਼ਮਾ ਦਾ ਪਤੰਗ ਹੋ ਕੇ ।

-੧੭੩-