ਪੰਨਾ:ਕੇਸਰ ਕਿਆਰੀ.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੦. ਜੁਗ-ਗਰਦੀ.

(ਗ਼ਜ਼ਲ)

ਮੇਰੇ ਵੇਂਹਦੇ ਵੇਂਹਦਿਆਂ ਹੀ ਚਮਨ !
ਤੇਰਾ ਰੂਪ ਰੰਗ ਬਦਲ ਗਿਆ,
ਰਬ ਜਾਣੇ, ਓਸ ਬਹਾਰ ਤੇ,
ਕੋਈ ਜਾਦੂ ਟੂਣਾ ਕੀ ਚਲ ਗਿਆ ।

ਕੋਈ ਐਸੀ ਉਲਟੀ ਹਵਾ ਚਲੀ,
ਕਿਸੇ ਐਸੀ ਬਿਜਲੀ ਦੀ ਛੁਹ ਲਗੀ,
ਕਿ ਪੁਕਾਰ ਪੰਛੀਆਂ ਦੀ ਉਠੀ-
ਹਾਇ ! ਵਸਦਾ ਆਲ੍ਹਣਾ ਜਲ ਗਿਆ ।

ਨਾ ਓਹ ਦੌਰ ਹੈ, ਨ ਖ਼ੁਮਾਰ ਹੈ,
ਨਾ ਹਿੰਡੋਲ ਹੈ, ਨ ਮਲ੍ਹਾਰ ਹੈ,
ਨਾ ਓਹ ਹੁਸਨ ਹੈ, ਨ ਨਿਖ਼ਾਰ ਹੈ,
ਤੇਰਾ ਰੰਗਲਾ ਜੋਬਨ ਢਲ ਗਿਆ ।

ਕੋਈ ਦਿਨ ਸੀ, ਤੇਰੀ ਉਠਾਨ ਸੀ,
ਤੇਰਾ ਘਰ, ਤੇ ਘਰ ਦਾ ਨਿਸ਼ਾਨ ਸੀ,
ਤੇਰੀ ਸ਼ਾਨ ਤਕਦਾ ਜਹਾਨ ਸੀ,
ਓ ਸੁਨਹਿਰੀ ਵੇਲਾ ਹੀ ਛਲ ਗਿਆ ।

ਨਾ ਓ ਹੰਸ ਨੇਂ, ਨਾ ਓ ਮਾਨਸਰ,
ਨਾ ਓ ਮਹਿਫ਼ਲਾਂ, ਨਾ ਓ ਸੁਖ਼ਨਵਰ,
ਨਾ ਓ ਸਿਰ ਤੇ ਨਾ ਓ ਸਲਾਮੀਆਂ,
ਓ ਤੇ ਕਾਫ਼ਲਾ ਹੀ ਨਿਕਲ ਗਿਆ ।

-੧੭੨-