ਪੰਨਾ:ਕੇਸਰ ਕਿਆਰੀ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੯. ਪੁਰਾਣੀ ਪ੍ਰੀਤ.

(ਗੀਤ)

ਤੇਰੀ ਮੇਰੀ ਪ੍ਰੀਤ ਪੁਰਾਣੀ,
ਤੇਰੀ ਮੇਰੀ ਪ੍ਰੀਤ ।

੧. ਤੂੰ ਤੇ ਮੈਂ ਸਾਂ ਭਾਈ ਭਾਈ,
ਪਤਾ ਨਹੀਂ, ਕਿਨ ਲੂਤੀ ਲਾਈ,
ਬੈਠੇ ਬੈਠਿਆਂ, ਵਹਿਸ਼ਤ ਆਈ,
ਖੋਟੀ ਹੋ ਗਈ ਨੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

੨. ਹਮਸਾਏ ਸਾਂ ਮਾਂ ਪਿਉ ਜਾਏ,
ਕੱਠਿਆਂ ਅਸਾਂ ਯਰਾਨੇ ਪਾਏ,
ਇਕਸੇ ਥਾਂ ਸਨ ਦੁਹਾਂ ਬਣਾਏ-
ਮੰਦਰ ਅਤੇ ਮਸੀਤ, ਚੌਧਰੀ !
ਤੇਰੀ ਮੇਰੀ ਪ੍ਰੀਤ ।

੩. ਰੱਬ ਦੀ ਭੋਂ ਸੀ ਵੱਸਦੀ ਆਈ,
ਤੇਰੀ ਮੇਰੀ ਰਹੀ ਸਫ਼ਾਈ,
ਜਦ ਦੀ ਅਸਾਂ ਇਮਾਰਤ ਲਾਈ,
ਲਗ ਪਈ ਹੋਣ ਪਲੀਤ, ਸਜਨ ਜੀ !
ਤੇਰੀ ਮੇਰੀ ਪ੍ਰੀਤ ।

੪. ਰੱਬ ਸੀ ਸਾਡੇ ਅੰਦਰੀਂ ਰਹਿੰਦਾ,
ਮੈਂ ਤੈਨੂੰ ਕੁਝ ਨਹੀਂ ਸਾਂ ਕਹਿੰਦਾ,
ਤੂੰ ਸੈਂ ਮੇਰੀਆਂ ਸਾਰੀਆਂ ਸਹਿੰਦਾ,
ਉਡ ਗਈ ਕਿਉਂ ਪਰਤੀਤ ? ਭਰਾਵਾ !
ਤੇਰੀ ਮੇਰੀ ਪ੍ਰੀਤ ।

-੧੭੦-