ਪੰਨਾ:ਕੇਸਰ ਕਿਆਰੀ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮. ਕਿੱਥੇ ਤੁਰ ਚੱਲਿਆ ਏਂ ਕੱਲਿਆਂ….

(ਗੀਤ)

੧. ਜੋ ਰਿਹੋਂ ਕਹਿੰਦਾ, ਸੋ ਰਹੀ ਕਰਦੀ,
ਹਰਦਮ ਤੇਰਾ ਦਮ ਰਹੀ ਭਰਦੀ,
ਤੈਥੋਂ ਕੋਈ ਨਾ ਉਹਲਾ ਰੱਖਿਆ,
ਦਸਦੀ ਰਹੀ ਕਲੇਜਾ ਕੱਢ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

੨. ਜਦ ਤੂੰ ਅਪਣਾ ਜੀ ਉਦਰਾਇਆ,
ਸਭ ਕੁਝ ਤੇਰੀ ਭੇਟ ਚੜ੍ਹਾਇਆ,
ਪੱਲਾ ਫੜ ਫੜ ਜਾਣ ਨ ਦਿੱਤਾ,
ਸੌ ਸੌ ਵਾਰੀ ਦੰਦੀਆਂ ਅੱਡ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

੩. ਕਈ ਵਾਰੀ ਤੂੰ ਫੇਰੀਆਂ ਅੱਖੀਆਂ,
ਕਈ ਵਾਰੀ ਤੂੰ ਸ਼ਰਮਾਂ ਰੱਖੀਆਂ,
ਹੁਣ ਵੀ ਨਾ ਕਰ ਸੁੰਞਾ ਵਿਹੜਾ,
ਅਰਮਾਨਾਂ ਦਾ ਬੂਟਾ ਵੱਢ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

੪. ਤੇਰੇ ਬਿਨ ਮੈਂ ਕੌਡੀਓਂ ਖੋਟੀ,
ਕਿਸੇ ਨਹੀਂ ਮੈਨੂੰ ਪੁਛਣੀ ਰੋਟੀ,
ਖੰਭ ਜੇ ਮੇਰੇ ਖੋਹ ਸੁੱਟਿਓ ਨੀਂ,
ਕੀ ਲਭ ਲਏਂਗਾ ਪਿੱਛੋਂ ਸੱਦ ਕੇ ?
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

-੧੬੯-