ਪੰਨਾ:ਕੇਸਰ ਕਿਆਰੀ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਕਿਉਂ ਚੰਨੀਏ ! ਤੂੰ ਕੀ ਸਏਂ ਲੱਭਦੀ ?
ਮੈਂ ਤੇ ਏਥੇ ਈ ਸਾਂ, ਸਹੁੰ ਰੱਬ ਦੀ ।
ਤੁਰਿਆ ਈ ਸਾਂ ਮੈਂ, ਤੂੰ ਆ ਗਈਓਂ,
ਏਨੇ ਈ ਵਿਚ ਦਹਿਸ਼ਤ ਖਾ ਗਈਓਂ ?
ਇਸ਼ਕ ਦੀ ਮਜ਼ਲ ਤੇ ਬੜੀ ਪਈ ਹੈ,
ਰੱਬ ਜਾਣੇ, ਦਿੱਸਣਾ ਕੀ ਕੀ ਹੈ ।
ਰਹਿਮਤ ਨਾਲ ਸਿਦਕ ਦੀ ਬੇੜੀ,
ਜਾਣੀ ਏ ਤੋੜ ਨਿਬਾਹੀ,
ਤੇਰੇ ਪਾਸ ਹੈ ਰਾਂਝਣ ਮਾਹੀ !

੬. ਇਸ਼ਕ ਨੇ ਸੌਂਪੀਆਂ, ਔਖੀਆਂ ਕਾਰਾਂ,
ਰਾਹ ਵਿਚ ਵਿਛੀਆਂ, ਤਿੱਖੀਆਂ ਧਾਰਾਂ,
ਕੱਚੀਆਂ ਤੰਦਾਂ, ਰੇਤ ਦੀ ਝਜਰੀ,
ਪ੍ਰੀਤ ਕਿਤੇ ਸਾਡੀ ਜਾਏ ਨਾ ਨਜ਼ਰੀ,
ਮੂੰਹਾਂ ਤੇ ਜੜੇ ਸ਼ਰਾ ਦੇ ਜੰਦਰੇ,
ਜੀਉਣ ਨ ਦੇਂਦੇ, ਦੂਤੀ ਚੰਦਰੇ ।
ਮੇਰੀ ਤੇ ਇੱਕੋ ਦੁਨੀਆਂ ਏ ਵੱਸਦੀ,
ਤੇਰੀ ਨੂੰ ਰੱਖੇ ਇਲਾਹੀ,
ਤੇਰੇ ਪਾਸ ਹੈ ਰਾਂਝਣ ਮਾਹੀ !

-੧੫੪-