ਪੰਨਾ:ਕੇਸਰ ਕਿਆਰੀ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਇਸ ਲੋਭੀ ਖ਼ਾਤਰ ਲੁੱਟ ਲੁੱਟ ਕੇ,
ਸੋਨੇ ਦੇ ਢੇਰ ਲਗਾਏ ਮੈਂ,
ਮਿਤਰਾਂ ਦੇ ਲਹੂ ਨਿਚੋੜੇ ਮੈਂ,
ਭਾਈਆਂ ਦੇ ਗਲ ਕਟਵਾਏ ਮੈਂ ।
ਜਿਸ ਜਤਨ ਜੁੜੀ, ਮੈਂ ਲੈ ਆਂਦੀ,
ਪਰ ਚੌ ਕਰਕੇ ਨਾ ਬੈਠਾ ਜੀ ।

੫. ਮੈਂ ਇਸ ਦੀ ਸ਼ਾਨ ਵਧਾਣ ਲਈ,
ਪਹੁੰਚਾਇਆ ਰਾਜ-ਦੁਆਰਾਂ ਵਿਚ,
ਲਖਪਤੀਆਂ ਨੂੰ ਖੜਿਆਂ ਕੀਤਾ,
ਇਸ ਦੇ ਜੋੜੇ-ਬਰਦਾਰਾਂ ਵਿਚ,
ਨੱਵਾਬਾਂ ਦੇ ਸਿਰ ਖ਼ਮ ਕੀਤੇ,
ਪਰ ਚੌ ਕਰਕੇ ਨਾ ਬੈਠਾ ਜੀ ।

੬. ਇਸ ਵਹਿਸ਼ੀ ਖ਼ਾਤਰ ਜਾ ਧਸਿਆ,
ਮੈਂ ਖੜਕਦੀਆਂ ਤਲਵਾਰਾਂ ਵਿਚ,
ਸੰਗਿਆ ਨਾ ਪਰਬਤ ਚੀਰਨ ਤੋਂ,
ਕੁੱਦ ਪਿਆ ਤੁਫ਼ਾਨੀ ਧਾਰਾਂ ਵਿਚ,
ਜੋ ਨਾਚ ਨਚਾਏ, ਨਚਿਆ ਮੈਂ,
ਪਰ ਚੌ ਕਰਕੇ ਨਾ ਬੈਠਾ ਜੀ ।

੭. ਚੰਚਲ ਪਾਰੇ ਨੂੰ ਬੰਨ੍ਹਣ ਲਈ,
ਚਤੁਰਾਈ ਸਾਰੀ ਘੋਲੀ ਮੈਂ,
ਸੂਫ਼ੀ ਦੇ ਖੀਸੇ ਟੋਹੇ ਮੈਂ,
ਗਯਾਨੀ ਦੀ ਗੰਢੜੀ ਫੋਲੀ ਮੈਂ,
ਕੀੜਾ ਬਣ ਗਿਆ ਕਿਤਾਬਾਂ ਦਾ,
ਪਰ ਚੌ ਕਰਕੇ ਨਾ ਬੈਠਾ ਜੀ ।

-੧੪੫-