ਪੰਨਾ:ਕੇਸਰ ਕਿਆਰੀ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫. ਭੈੜਾ ਜੀ.

੧. ਇਸ ਜੀ ਭੈੜੇ ਦਾ ਕੀ ਕਰੀਏ ?
ਜਿਸ ਨੂੰ ਕੋਈ ਦਾਰੂ ਪਚਦਾ ਨਹੀਂ,
ਭੱਠ ਪਏ ਚਣੇ ਸੜ ਜਾਣੇ ਨੂੰ,
ਕੋਈ ਜੀ-ਪਰਚਾਵਾ ਜਚਦਾ ਨਹੀਂ,
ਮੈਂ ਸਾਰੇ ਪਾਪੜ ਵੇਲ ਚੁਕਾ,
ਪਰ ਚੌ ਕਰਕੇ ਨਾ ਬੈਠਾ ਜੀ ।

੨. ਇਸ ਪਾਪੀ ਦੇ ਪਰਚਾਣ ਲਈ,
ਸੌ ਸੌ ਸ਼ਤਰੰਜ ਖਿਲਾਰੀ ਮੈਂ,
ਕੋਈ ਸੀਤਲ ਕੁਟੀਆ ਭਾਲਦਿਆਂ,
ਗਾਹ ਮਾਰੀ ਦੁਨੀਆਂ ਸਾਰੀ ਮੈਂ,
ਸਾਗਰ, ਪਰਬਤ, ਜੰਗਲ ਛਾਣੇ
ਪਰ ਚੌ ਕਰਕੇ ਨਾ ਬੈਠਾ ਜੀ ।

੩. ਇੰਦਰ ਦੀ ਮਹਿਫ਼ਲ ਲਾ ਲਾ ਕੇ,
ਪਰੀਆਂ ਦੇ ਨਾਚ ਵਿਖਾਏ ਮੈਂ,
ਹਲਵੇ ਪਕਵਾਨ ਖੁਆਏ ਮੈਂ,
ਅੰਗੂਰੀ ਜ਼ਾਮ ਪਿਆਏ ਮੈਂ,
ਕੋਈ ਹਸਰਤ ਬਾਕੀ ਨਾ ਛੱਡੀ,
ਪਰ ਚੌ ਕਰਕੇ ਨਾ ਬੈਠਾ ਜੀ ।

-੧੪੪-