ਪੰਨਾ:ਕੇਸਰ ਕਿਆਰੀ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਇਹ ਧੁਨ ਰਸੀਲੀ ਗੂੰਜਦੀ-
ਖਿਰਨਾਂ ਦੇ ਛੱਲੇ ਪਾਉਂਦੀ-
ਲਹਿਰਾਂ ਦੇ ਤੀਰ ਚਲਾਉਂਦੀ,
ਆਕਾਸ਼ ਵਲ ਜਾਵੇ ਚੜ੍ਹੀ ।
ਉਡ ਉਡ ਕੇ ਤੀਰ ਸਰੂਰ ਦੇ,
ਜਾ ਅਪੜਨ ਵਿਚ ਨੂਰ ਦੇ ।
ਤਾਰੇ ਨਸ਼ੇ ਵਿਚ ਪੇਲਦੇ,
ਲਹਿ ਪੈਣ ਵਾਂਗਰ ਤ੍ਰੇਲ ਦੇ ।
ਜ਼ੱਰੇ ਹਵਾ ਵਿਚ ਫਿਰ ਰਹੇ-
ਵਿਚ ਤ੍ਰੇਲ ਦੇ ਨ੍ਹਾਤੇ ਹੋਏ,
ਮਹਿਕਾਂ ਦੀ ਦੁਨੀਆਂ ਵਲ ਝੁਕੇ,
ਲਹਿਰਾਂ ਦੀ ਲੈ ਨੂੰ ਸੁਣ ਰਹੇ,
ਫੁੱਲਾਂ ਦੇ ਉਤਦੀ ਲੰਘਦੇ-
ਗੁਤਕਣ ਨਦੀ ਦੇ ਰਾਗ ਵਿਚ ।

੪. ਠੰਢਕ, ਤਰੱਨਮ, ਨੂਰ ਦਾ,
ਮਹਿਕਾਂ ਦੇ ਨਾਲ ਸਰੂਰ ਦਾ,
ਪੰਚਾਮਰਿਤ ਤੱਯਾਰ ਹੋ,
ਸਾਡੇ ਦਿਲਾਂ ਨੂੰ ਲੈ ਤੁਰੇ-
ਐਸੇ ਨਵੇਂ ਸੰਸਾਰ ਵਲ-
ਭੁਲ ਜਾਏ ਜਿੱਥੇ ਇਹ ਜਗਤ ।
ਇਸ ਖ਼ੁਸ਼ੀ ਦੇ ਲੋਰ ਵਿਚ,
ਅਨ-ਅੰਤ ਰਸ ਨੂੰ ਮਾਣਦੇ,
ਓਥੇ ਹੀ ਰਹਿ ਪਈਏ, ਅਸੀਂ-
ਦੋਵੇਂ, ਹਮੇਸ਼ਾ ਵਾਸਤੇ ।

-੧੩੭-